
ਅੰਮ੍ਰਿਤਸਰ, 27 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਰਬਾਰ ਸਾਹਿਬ 'ਚ ਅਕਾਲ ਤਖ਼ਤ ਦੇ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ ਨਵ ਨਿਰਮਾਣ ਅਧੀਨ ਗੁਰਦਵਾਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਅੱਜ ਨਵਾਂ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੀ ਮੌਜੂਦਗੀ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਅਤੇ ਸੰਗਤ ਵਲੋਂ ਸਥਾਪਤ ਕੀਤੇ ਗਏ ਨਿਸ਼ਾਨ ਸਾਹਿਬ ਦੀ ਲੰਬਾਈ 53 ਫੁੱਟ 7 ਇੰਚ ਹੈ ਅਤੇ ਜਿਸ 'ਤੇ ਸੋਨੇ ਦਾ ਭਾਲੇ ਦੇ ਰੂਪ ਵਿਚ ਖ਼ਾਲਸੇ ਦਾ ਰਵਾਇਤੀ ਤੇ ਪਰੰਪਰਾਗਤ ਨਿਸ਼ਾਨ ਲਾਇਆ ਗਿਆ ਹੈ।
ਇਸ ਮੌਕੇ ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸੌਂਪੀ ਸੇਵਾ ਤਹਿਤ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਹੋਣ ਜਾ ਰਿਹਾ ਹੈ। ਗਿ. ਗੁਰਬਚਨ ਸਿੰਘ ਨੇ ਦਮਦਮੀ ਟਕਸਾਲ ਵਲੋਂ ਕੌਮ ਦੀ ਚੜ੍ਹਦੀ ਕਲਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਸਲਾਉਦਿਆਂ ਕਿਹਾ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਉਹ ਮਹਾਨ ਜਥੇਬੰਦੀ ਹੈ ਜਿਸ ਦੀ ਗੁਰਮਤਿ ਵਿਦਿਆ ਅਤੇ ਧਰਮ ਪ੍ਰਚਾਰ ਦੇ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਵੱਡੀ ਦੇਣ ਹੈ। ਦਮਦਮੀ ਟਕਸਾਲ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਹੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਵਲੋਂ ਇਤਿਹਾਸਕ ਗੁਰਧਾਮਾਂ ਦੇ ਨਵ ਨਿਰਮਾਣ ਦੀਆਂ ਸੇਵਾਵਾਂ ਦਮਦਮੀ ਟਕਸਾਲ ਨੂੰ ਸੌਂਪਿਆਂ ਗਈਆਂ ਹਨ। ਇਸ ਮੌਕੇ ਦਮਦਮੀ ਟਕਸਾਲ ਮੁਖੀ ਅਤੇ ਜਥੇਦਾਰ ਅਕਾਲ ਤਖ਼ਤ ਨੇ ਅਪਣੇ ਹੱਥੀਂ ਸੰਗਤ ਨੂੰ ਪ੍ਰਸ਼ਾਦ ਵੰਡਣ ਦੀ ਸੇਵਾ ਨਿਭਾਈ ਗਈ।