
ਕੋਟਕਪੂਰਾ, 23 ਫ਼ਰਵਰੀ (ਗੁਰਮੀਤ ਸਿੰਘ ਮੀਤਾ): ਦਸਤਾਰ ਸਿੱਖ ਪਹਿਰਾਵੇ ਦਾ ਅਨਿੱਖੜਵਾਂ ਹਿੱਸਾ ਹੈ, ਦਸਤਾਰ ਤੋਂ ਬਿਨਾਂ ਤਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦ ਵੀ ਕੋਈ ਮਨੁੱਖ ਨਾਨਕ ਨਾਮਲੇਵਾ ਸਿੱਖ ਦੀ ਗੱਲ ਕਰਦਾ ਹੈ, ਦਸ਼ਮੇਸ਼ ਪਿਤਾ ਦੇ ਸਾਜੇ ਖ਼ਾਲਸੇ ਦਾ ਉਲੇਖ ਕਿਸੇ ਵੀ ਪ੍ਰਸੰਗ 'ਚ ਹੁੰਦਾ ਹੈ ਤਾਂ ਕੇਸਾਂ-ਦਾਹੜੀ ਸਹਿਤ ਇਕ ਸਾਬਤ ਸੂਰਤ ਇਨਸਾਨ ਦਾ ਅਕਸ ਸਹਿਜੇ ਹੀ ਉਕਤ ਉੇਲੇਖ ਕਰਨ-ਸੁਣਨ ਵਾਲਿਆਂ ਦੇ ਮਨ ਅੰਦਰ ਵਿਚ ਵਿਦਮਾਨ ਹੁੰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਅੱਜ ਦਸਤਾਰ ਦਿਹਾੜੇ ਦੀ ਖ਼ੁਸ਼ੀ
'ਚ ਕਰਵਾਏ ਗਏ ਸਮਾਗਮ ਦੌਰਾਨ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨੇ ਉਸ ਸਮੇਂ ਕੀਤਾ ਜਦ ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਹੀ ਉਤਸ਼ਾਹ ਨਾਲ ਦਸਤਾਰਾਂ ਸਜਾਈਆਂ। ਪ੍ਰਿੰਸੀਪਲ ਪਰਮਜੀਤ ਕੌਰ ਅਤੇ ਮੈਨੇਜਰ/ਸਕੱਤਰ ਕਰਨੈਲ ਸਿੰਘ ਮੱਕੜ ਨੇ ਦਸਤਾਰ ਦੀ ਮਹੱਤਤਾ ਦਸਦਿਆਂ ਕਿਹਾ ਕਿ ਦਸਤਾਰ ਸਿੱਖਾਂ ਦਾ ਮੂਲ ਧਾਰਮਕ ਚਿੰਨ੍ਹ ਹੈ ਅਤੇ ਸਿੱਖ ਦੀ ਨਿਵੇਕਲੀ ਪਛਾਣ ਦਾ ਪ੍ਰਤੀਕ ਵੀ ਹੈ। ਉਨਾ ਦਾਅਵਾ ਕੀਤਾ ਕਿ ਹਜ਼ਾਰਾਂ-ਲੱਖਾਂ ਦੀ ਭੀੜ 'ਚੋਂ 'ਸਾਬਤ ਸੂਰਤਿ ਦਸਤਾਰ ਸਿਰਾ' ਦਾ ਧਾਰਨੀ ਪਛਾਣਿਆ ਜਾਂਦਾ ਹੈ, ਇਸ ਕਰ ਕੇ ਹਰ ਸਿੱਖ ਇਸ ਨਿਵੇਕਲੀ ਪਛਾਣ ਬਖ਼ਸ਼ਣ ਵਾਲੇ ਗੁਰੂ ਸਾਹਿਬਾਨ ਦਾ ਰਿਣੀ ਹੈ।