
ਮਲੇਰਕੋਟਲਾ,
29 ਅਗੱਸਤ (ਬਲਵਿੰਦਰ ਸਿੰਘ ਭੁੱਲਰ): ਵਿਸਾਖੀ 1699 ਨੂੰ ਖ਼ਾਲਸਾ ਸਾਜਨਾ ਦਿਵਸ ਮੌਕੇ
ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਵਿਖੇ
ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਅਤੇ ਪੰਜ ਚੋਣਵੇਂ ਬੰਦਿਆਂ ਨੂੰ ਅੰਮ੍ਰਿਤ ਛਕਾ ਕੇ
ਸਿੰਘ ਸਜਾਇਆ ਅਤੇ ਜਾਤ ਪਾਤ ਦਾ ਭੋਗ ਪਾਇਆ।
ਖ਼ਾਲਸਾ ਸਾਜਨਾ ਦਿਵਸ ਦੀ ਵਿਸਾਖੀ
ਲੰਘਿਆਂ ਭਾਵੇਂ 318 ਸਾਲ ਬੀਤ ਚੁੱਕੇ ਹਨ ਪਰ ਸਾਡਾ ਸਮਾਜ ਅਜੇ ਵੀ ਜਾਤਾਂ ਪਾਤਾਂ ਦੀ ਵਰਣ
ਵੰਡ ਵਿਚੋਂ ਬਾਹਰ ਨਹੀਂ ਨਿਕਲਿਆ। ਪੰਜਾਬ ਦੇ ਬਹੁਗਿਣਤੀ ਗੁਰਦਵਾਰਾ ਪ੍ਰਬੰਧਕ ਕਮੇਟੀਆ
ਵਿਚ ਜੱਟ ਸਿੱਖਾਂ ਤੋਂ ਬਗ਼ੈਰ ਹੋਰ ਕੋਈ ਮੈਂਬਰ ਨਹੀਂ ਲਿਆ ਜਾਂਦਾ। ਇਹ ਪ੍ਰਤੱਖ ਵਿਤਕਰਾ
ਹੈ ਜਿਸ ਕਾਰਨ ਸਿੱਖ ਧਰਮ ਤੋਂ ਰੁੱਸੇ ਹੋਏ ਇਹ ਲੋਕ ਜਾਂ ਤਾਂ ਵਖਰਾ ਗੁਰੁ ਘਰ ਬਣਾ ਕੇ
ਬਹਿ ਗਏ ਜਾਂ ਡੇਰਿਆ ਦੀ ਸ਼ਰਨ ਜਾ ਪਏ। ਹਰ ਇਨਸਾਨ ਨੂੰ ਅਪਣੇ ਜੀਵਨ ਦੌਰਾਨ ਕਿਸੇ ਨਾ ਕਿਸੇ
ਇਕ ਅਧਿਆਤਮਿਕ ਗੁਰੁ ਦੀ ਹਰ ਹਾਲ ਲੋੜ ਮਹਿਸੂਸ ਹੁੰਦੀ ਹੈ ਜਿਸ ਕਾਰਨ ਉਹ ਮੰਦਰਾਂ,
ਮਸਜਿਦਾਂ, ਗਿਰਜਾਘਰਾਂ ਅਤੇ ਗੁਰਦਵਾਰਿਆਂ ਦੇ ਸਖ਼ਤ ਰਵਈਏ ਅਤੇ ਜਾਤੀਵਾਦ ਆਧਾਰਤ ਕਮੇਟੀਆਂ
ਦੇ ਗ਼ੈਰ ਇਨਸਾਨੀ ਨਿਯਮਾਂ ਦਾ ਮੋਹ ਤਿਆਗ਼ ਕੇ ਡੇਰਾਵਾਦ ਦੇ ਲੜ ਲੱਗੇ। ਸ਼੍ਰੋਮਣੀ ਕਮੇਟੀ
ਸਿੱਖ ਪੰਥ ਨਾਲ ਰੁੱਸੇ ਅਤੇ ਨਾਰਾਜ਼ ਹੋਏ ਇਨ੍ਹਾਂ ਸਾਰੇ ਲੋਕਾਂ ਨੂੰ ਪ੍ਰੇਰ ਕੇ ਸਿੱਖ ਪੰਥ
ਵਿਚ ਸ਼ਾਮਲ ਕਰੇ। ਡੇਰਿਆਂ ਵਿਚ ਜਾਣ ਵਾਲੇ ਬਿਗਾਨੇ ਨਹੀਂ ਸਗੋਂ ਸਾਡੇ ਹੀ ਭਰਾ ਭੈਣ ਹਨ।
ਸਿੱਖ ਪੰਥ ਨੂੰ ਕਈ ਹਿੱਸਿਆਂ ਵਿੱਚ ਵੰਡਣ ਦੀਆਂ ਸਿਆਸੀ ਚਾਲਾਂ ਤੋਂ ਅਸੀਂ ਬਹੁਤੇ ਖ਼ਬਰਦਾਰ
ਅਤੇ ਚੁਕੰਨੇ ਨਹੀਂ ਹੋਏ ਇਸ ਲਈ ਸਭ ਤੋਂ ਪਹਿਲਾਂ ਰੁਸਿਆਂ ਨੂੰ ਮਨਾਉਣ ਦੀ ਲੋੜ ਹੈ ਅਤੇ
ਦੂਜਾ ਉਨ੍ਹਾਂ ਨੂੰ ਸਿੱਖ ਧਰਮ ਵਲ ਵਾਪਸ ਲਿਆਉਣਾ ਚਾਹੀਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ
ਪਿੰਡਾਂ ਵਿਚ ਸਿਰਫ਼ ਇਕ ਹੀ ਗੁਰੂਘਰ ਹੋਵੇ ਤਾਕਿ ਇਹ ਲੋਕ ਪੂਰੇ ਗੁਰੂ ਦੇ ਲੜ ਲੱਗ ਸਕਣ।