
ਸੰਗਰੂਰ, 10 ਨਵੰਬਰ (ਗੁਰਦਰਸ਼ਨ ਸਿੰਘ ਸਿੱਧੂ): ਗੁਰਦਵਾਰਾ ਸਾਹਿਬ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਅੰਮ੍ਰਿਤਸਰ ਹੋਣ ਵਾਲਾ ਅਪਣਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਮੁਲਤਵੀ ਕਰਦਿਆਂ ਕਿਹਾ ਉਹ ਗੁਰਮਤਿ ਪ੍ਰੋਗਰਾਮ ਦੌਰਾਨ ਕੋਈ ਬਖੇੜਾ ਪੈਦਾ ਕਰ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਦੀ ਸੰਗਤ ਲਗਾਤਾਰ ਪ੍ਰਚਾਰ ਸੁਣ ਰਹੀ ਸੀ ਅਤੇ ਸਿੰਘਾਂ ਨੇ ਇਲਾਕੇ ਵਿਚ ਵੀ ਪ੍ਰਚਾਰ ਕੀਤਾ ਜਿਸ ਕਰ ਕੇ ਉਥੋਂ ਦੀ ਸੰਗਤ ਵਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਪ੍ਰਸ਼ਾਸਨ ਤੋਂ ਹਰ ਤਰ੍ਹਾਂ ਦੀ ਮਨਜ਼ੂਰੀ ਲੈ ਕੇ ਰਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਵਿਚ ਨਸ਼ਿਆਂ ਦਾ ਬਹੁਤ ਜ਼ਿਆਦਾ ਜ਼ੋਰ ਹੈ। ਉਨ੍ਹਾਂ ਦਸਿਆ ਪ੍ਰੋਗਰਾਮ ਰੋਕਣ ਲਈ ਕੁੱਝ ਜਥੇਬੰਦੀਆਂ ਪ੍ਰਸ਼ਾਸਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਰਹੀਆਂ ਹਨ। ਉਨ੍ਹਾਂ ਦੀਵਾਨ ਰੋਕਣ ਵਾਲੀਆਂ ਜਥੇਬੰਦੀਆਂ ਨੂੰ ਕਿਹਾ ਕਿ ਉਹ ਜਿੰਨਾ ਜ਼ੋਰ ਉਨ੍ਹਾਂ ਦਾ ਗੁਰਮਤਿ ਸਮਾਗਮ ਰੋਕਣ ਲਾ ਰਹੀਆਂ ਹਨ, ਜੇ ਇੰਨਾ ਜ਼ੋਰ ਪ੍ਰਚਾਰ ਕਰਨ 'ਤੇ ਲਾਇਆ ਹੁੰਦਾ ਤਾਂ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਨਸ਼ਿਆਂ ਦਾ ਇੰਨਾ ਬੋਲਬਾਲਾ ਨਾ ਹੁੰਦਾ।
ਉਨ੍ਹਾਂ ਪੁਛਿਆ ਕਿ ਜਦ ਸੌਦਾ ਸਾਧ ਨੂੰ ਮੁਆਫ਼ੀ ਦਿਤੀ ਗਈ ਸੀ ਤਾਂ ਉਸ ਦਿਨ ਵਿਰੋਧ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਸ਼ਾਸਨ 3000 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਧਾਰਮਕ ਪ੍ਰੋਗਰਾਮ ਕਰਵਾਉਣ ਲਈ ਤਿਆਰ ਹੈ ਪਰ ਸਿੱਖ ਹੀ ਸਿੱਖਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ 5 ਮੈਂਬਰੀ ਕਮੇਟੀ ਬਣਾਉਣ ਦੀ ਬਜਾਏ ਉਨ੍ਹਾਂ ਦਾ ਪ੍ਰੋਗਰਾਮ ਕਰਵਾਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਸੀ। ਉਨ੍ਹਾਂ ਪੁਛਿਆ ਕਿ ਪਹਿਲਾਂ ਕਿੰਨੇ ਮਸਲੇ ਪੈਦਾ ਹੋਏ ਹਨ ਅਤੇ ਕਿਸ ਮਸਲੇ ਤੇ ਕਮੇਟੀ ਬਣਾਈ ਅਤੇ ਕਿਸ ਦਾ ਸਹੀ ਫ਼ੈਸਲਾ ਕੀਤਾ ਹੈ? ਉਨ੍ਹਾਂ ਦਸਿਆ ਅੰਮ੍ਰਿਤਸਰ ਵਿਚ ਹੋਣ ਵਾਲੇ ਦੀਵਾਨਾਂ ਲਈ ਸੰਗਤ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕੋਈ ਵੀ ਪ੍ਰਚਾਰਕ ਜਿਥੇ ਮਰਜ਼ੀ ਪ੍ਰਚਾਰ ਕਰ ਸਕਦਾ ਹੈ, ਕਿਸੇ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਦਸਿਆ ਗੁਰਮਤਿ ਸਮਾਗਮ ਮੁਲਤਵੀ ਕਰਨ ਦਾ ਫ਼ੈਸਲਾ ਸਿਰਫ ਗੁਰੂ ਨਗਰੀ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਲਿਆ ਹੈ ਪਰ ਹੋਰ ਵੀ ਜੋ ਦੀਵਾਨ ਲਗਣੇ ਹਨ, ਉਹ ਹਰ ਹਾਲਾਤ ਵਿਚ ਲਗਣਗੇ। ਉਨ੍ਹਾਂ ਕਿਹਾ ਕਿ ਅਖੌਤੀ ਬਾਬਿਆਂ ਦਾ ਅੱਜ ਕੋਈ ਪ੍ਰਚਾਰ ਸੁਣਨ ਲਈ ਵੀ ਤਿਆਰ ਨਹੀਂ।