
ਨਵੀਂ ਦਿੱਲੀ, 31 ਜਨਵਰੀ (ਅਮਨਦੀਪ ਸਿੰਘ): ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਫ਼ੋਟੋ ਲਾਏ ਜਾਣ ਨੂੰ ਲੈ ਕੇ ਛਿੜੇ ਵਿਵਾਦ ਵਿਚਕਾਰ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵਿਧਾਨ ਸਭਾ ਗੈਲਰੀ ਵਿਚ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਰਣਧੀਰ ਸਿੰਘ ਦੀ ਤਸਵੀਰ ਲਾਉਣ ਦੀ ਮੰਗ ਕਰ ਦਿਤੀ ਹੈ। ਇਸ ਮੰਗ ਬਾਰੇ ਦਿੱਲੀ ਕਮੇਟੀ ਨੇ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਚਿੱਠੀ ਲਿੱਖ ਕੇ ਜਾਣੂ ਕਰਵਾਇਆ ਹੈ।ਅੱਜ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚਲੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਭਾਈ ਰਣਧੀਰ ਸਿੰਘ ਵਰਗੀ ਸ਼ਖ਼ਸੀਅਤ ਦੇ ਹਿੰਦੋਸਤਾਨ ਦੇ ਇਤਿਹਾਸ ਵਿਚ ਲਾਸਾਨੀ ਯੋਗਦਾਨ ਕਰ ਕੇ ਉਨ੍ਹਾਂ ਦੀ ਤਸਵੀਰ ਵਿਧਾਨ ਸਭਾ ਵਿਚ ਹਰ ਹਾਲ ਵਿਚ ਲਗਾਈ ਜਾਣੀ ਚਾਹੀਦੀ ਹੈ। ਕੇਜਰੀਵਾਲ ਦੇ ਸਿੱਖ ਵਿਧਾਇਕਾਂ ਨੂੰ ਵੀ ਇਸ ਮੰਗ ਵਿਚ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਛਾਉਣੀ 'ਤੇ ਹਮਲਾ ਕਰਨ ਅਤੇ ਲਾਹੌਰ ਸਾਜ਼ਸ਼ ਕੇਸ ਵਿਚ ਭਾਈ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੰਗਰੇਜ਼ੀ ਹਕੂਮਤ ਨੇ 30 ਮਾਰਚ 1916 ਨੂੰ ਉਮਰ ਕੈਦ ਦੀ ਸਜ਼ਾ ਦੇ ਦਿਤੀ ਸੀ। ਸ਼ਹੀਦ ਭਗਤ ਸਿੰਘ ਨੂੰ ਸਿੱਖੀ ਸਰੂਪ ਵਿਚ ਲਿਆਉਣ ਲਈ ਵੀ ਭਾਈ ਸਾਹਿਬ ਦੀ ਕੁਰਬਾਨੀ ਲਾਮਿਸਾਲ ਹੈ। ਇਸ ਦੌਰਾਨ ਜੀ.ਕੇ. ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਦਿੱਲੀ ਵਿਚ ਪੰਜਾਬੀ ਭਾਸ਼ਾ ਦਾ ਘਾਣ ਕਰਨ ਤੋਂ ਬਾਜ਼ ਆਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਹਮਾਇਤੀ ਬਣਦੀ ਸੀ ਪਰ ਪੰਜਾਬੀ ਦਾ ਘਾਣ ਕਰਨ ਵਿਚ ਕੇਜਰੀਵਾਲ ਮੋਹਰੀ ਬਣ ਗਏ ਹਨ। ਕਿਸੇ ਸਿੱਖ ਨੂੰ ਉਨ੍ਹਾਂ ਮੰਤਰੀ ਵੀ ਨਹੀਂ ਬਣਾਇਆ, ਸਗੋਂ ਪੰਜਾਬੀ 'ਤੇ ਕੁਹਾੜਾ ਚਲਾ ਦਿਤਾ। ਕੇਜਰੀਵਾਲ ਦੇ ਸਿੱਖ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਕੇਜਰੀਵਾਲ 'ਤੇ ਦਬਾਅ ਪਾ ਕੇ ਪੰਜਾਬੀ ਦਾ ਅਸਲ ਦਰਜਾ ਬਹਾਲ ਕਰਵਾਉਣ।