
ਤਰਨਤਾਰਨ, 26 ਫ਼ਰਵਰੀ (ਚਰਨਜੀਤ ਸਿੰਘ): ਪੰਥਕ ਵਿਦਵਾਨ, ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕ ਰਹੇ ਅਤੇ ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਾਬਕਾ ਸਕੱਤਰ ਸ. ਹਰਦੀਪ ਸਿੰਘ ਨਿਮਾਣਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਅਕਾਲ ਤਖ਼ਤ ਤੋਂ ਜਿਨ੍ਹਾਂ ਵਿਅਕਤੀਆਂ ਨੂੰ ਪੰਥ ਵਿਚੋਂ ਛੇਕੇ ਜਾਣ ਦੇ ਗ਼ਲਤ ਫ਼ੈਸਲੇ ਲਏ ਸਨ ਤੇ ਜਿਨ੍ਹਾਂ ਬਾਰੇ ਪੰਥ ਇਕਮੱਤ ਨਹੀਂ ਹੋ ਸਕਿਆ ਤੇ ਵਿਰੋਧ ਲਗਾਤਾਰ ਜਾਰੀ ਹੈ, ਉਨ੍ਹਾਂ 'ਤੇ ਮੁੜ ਵਿਚਾਰ ਕਰ ਕੇ ਗ਼ਲਤ ਤੌਰ 'ਤੇ ਛੇਕੇ ਵਿਅਕਤੀਆਂ ਬਾਰੇ ਹੁਕਮਨਾਮੇ ਵਾਪਸ ਲੈ ਕੇ ਪੰਥਕ ਏਕਤਾ ਲਈ ਪਹਿਲ ਕਦਮੀ ਕੀਤੀ ਜਾਵੇ। ਨਿਮਾਣਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਧਿਆਨ ਵਿਚ ਰਖ ਕੇ ਜਥੇਦਾਰ ਨੂੰ ਇਹ ਫ਼ੈਸਲਾ ਲੈ ਲੈਣਾ ਚਾਹੀਦਾ ਹੈ ਤਾਕਿ ਗੁਰੂ ਨਾਨਕ ਦਾ ਪੰਥ ਇਕਜੁੱਟ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪੰਥ ਦੇ ਨਾਂ 'ਤੇ ਜੋ ਕੁੱਝ ਹੋ ਰਿਹਾ ਹੈ, ਉਹ ਅਸਹਿ ਹੈ। ਮੌਜੂਦਾ ਪੰਥਕ ਹਾਲਾਤ ਅਜਿਹੇ ਹਨ ਕਿ ਵਿਦਵਾਨ ਪੰਥ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ ਪਰ ਵਿਦਵਾਨਾਂ ਦੀ ਰਾਹ ਵਿਚ 'ਛੇਕੇ ਜਾਣ ਦੇ ਕੰਡੇ' ਬੀਜੇ ਹੋਏ ਹਨ।
ਉਨ੍ਹਾਂ ਕਿਹਾ ਕਿ ਹਰ ਵਿਦਵਾਨ ਦੀ ਅਪਣੀ ਇਕ ਖੋਜ ਤੇ ਲਿਖਣ ਸ਼ੈਲੀ ਹੈ। ਉਸ ਵਿਚ ਜੇ ਕੋਈ ਮਤਭੇਦ ਹਨ ਤਾਂ ਉਨ੍ਹਾਂ ਮਤਭੇਦਾਂ ਨੂੰ ਵਿਚਾਰ ਚਰਚਾ ਕਰ ਕੇ ਦੂਰ ਕੀਤਾ ਜਾ ਸਕਦਾ ਹੈ, ਛੇਕ ਕੇ ਨਹੀ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਲਈ ਵਿਵਾਦਿਤ ਮਸਲੇ ਛੱਡ ਕੇ ਜਿੰਨੇ ਵੀ ਜਿੰਨੇ ਵੀ ਤਨਖ਼ਾਹੀਏ ਅਤੇ ਪੰਥ ਵਿਚੋਂ ਛੇਕੇ ਹੋਏ ਵਿਅਕਤੀ ਹਨ, ਉਨਾਂ ਨੂੰ ਬਿਨਾਂ ਸ਼ਰਤ ਵਾਪਸ ਲੈ ਲਿਆ ਜਾਵੇ ਤਾਕਿ ਕੌਮੀ ਏਕਤਾ ਮਜ਼ਬੂਤ ਕੀਤੀ ਜਾ ਸਕੇ। ਅੱਜ ਦੇਸ਼ ਵਿਦੇਸ਼ ਵਿਚ ਸਿੱਖਾਂ ਅਤੇ ਸਿੱਖੀ ਤੇ ਨਸਲੀ ਹਮਲੇ ਹੋ ਰਹੇ ਹਨ। ਸਿੱਖਾਂ ਲਈ ਇਕ ਥਿੰਕ ਟੈਂਕ ਦੀ ਜ਼ਰੂਰਤ ਹੈ। ਸਿੱਖਾਂ ਲਈ ਕੰਮ ਕਰਨ ਵਾਲੇ ਜਿਨ੍ਹਾਂ ਵਿਚ ਖ਼ਾਸਕਰ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਪੰਥ ਪ੍ਰਸਿੱਧ ਕੀਰਤਨੀਏ ਪ੍ਰੋਫ਼ੈਸਰ ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਿਲਗੀਰ ਆਦਿ ਦਿਨ ਰਾਤ ਪੰਥ ਦਾ ਦਰਦ ਲਈ ਉਮਰ ਦੇ ਇਸ ਪੜਾਅ ਵਿਚ ਕੰਮ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦੀਆਂ ਲਿਖਤਾਂ ਅੱਜ ਵੀ ਸਮੁਚੇ ਪੰਥ ਵਿਚ ਬੜੇ ਹੀ ਪਿਆਰ ਤੇ ਚਾਅ ਨਾਲ ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਵਲੋਂ ਕੀਤੀ ਜਾਂਦੀ ਗੁਰਬਾਣੀ ਦੀ ਵਿਆਖਿਆ ਨੂੰ ਸਿੱਖ ਧਰਮ ਤੇ ਸ਼ਰਧਾ ਰਖਣ ਵਾਲੇ ਬੜੇ ਹੀ ਸਤਿਕਾਰ ਨਾਲ ਪੜ੍ਹਦੇ ਹੀ ਨਹੀਂ, ਬਲਕਿ ਸੰਭਾਲ ਕੇ ਵੀ ਰਖਦੇ ਹਨ।