
ਸ਼ਾਹਬਾਦ ਮਾਰਕੰਡਾ, 9 ਫ਼ਰਵਰੀ (ਅਵਤਾਰ ਸਿਘ): ਸ਼੍ਰੋਮਣੀ ਕਮੇਟੀ ਗ਼ਰੀਬ ਅਤੇ ਜ਼ਰੁਰਤਮੰਦ ਸਿੱਖ ਪਰਵਾਰਾਂ ਦੀਆਂ ਕੁੜੀਆਂ ਦੇ ਵਿਆਹ ਸਮੇਂ ਸ੍ਰੀ ਅਖੰਠ ਪਾਠ ਸਾਹਿਬ ਦੀ ਭੇਂਟਾ 5100 ਰੁਪਏ ਦੇਵੇਗੀ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗ਼ਰੀਬ ਅਤੇ ਦਲਿਤ ਬਸਤੀਆਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਵਿਚ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਲਈ ਡਾਕਟਰੀ ਵੈਨ ਵੀ ਚਲਾਉਣ ਦਾ ਫ਼ੈਸਲਾ ਲਿਆ ਹੈ। ਕੁਰਕਸ਼ੇਤਰ ਦੇ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਧਰਮ ਪ੍ਰਚਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੈਠਕ ਤੋਂ ਬਾਅਦ ਪਤੱਰਕਾਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਉਨ੍ਹਾਂ ਗੁਰਦਵਾਰੇ ਵਿਚ ਮੱਥਾ ਟੇਕਿਆ ਜਿਥੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ 100 ਉਪਦੇਸ਼ਕਾਂ, 20 ਢਾਡੀ ਜਥਿਆਂ ਅਤੇ 10 ਕਵਿਸ਼ਰੀ ਜਥਿਆਂ ਦੀ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ।ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਗੁਰਦੁਆਰੇ ਵਿਚ ਸਵੇਰੇ-ਸ਼ਾਮ ਕਥਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ 1100 ਰੁਪਏ ਦਿਤੇ ਜਾਣਗੇ ਪਰ ਇਸ ਲਈ ਗ੍ਰੰਥੀ ਸਿੰਘਾਂ ਨੂੰ ਪਹਿਲਾਂ ਇਕ ਟੈਸਟ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਉਨ੍ਹਾਂ ਕਿਹਾ ਕਿ ਟਾਈਟਲਰ ਨੇ 100 ਸਿੱਖਾਂ ਦੀ ਹਤਿਆ ਕਰਨਾ ਕਬੂਲ ਕੀਤਾ ਹੈ, ਇਸ ਲਈ ਜੇ ਟਾਈਟਲਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਸਿੱਖ ਅੰਦੋਲਨ ਕਰਨ ਲਈ ਮਜਬੂਰ ਹੋ ਜਾਣਗੇ।