
ਪਟਿਆਲਾ, 20 ਅਕਤੂਬਰ (ਜਗਤਾਰ ਸਿੰਘ): ਦੀਵਾਲੀ ਦੇ ਪਵਿੱਤਰ ਦਿਹਾੜੇ 'ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਹੋਈ ਰਿਹਾਈ ਸਬੰਧੀ 'ਬੰਦੀ ਛੋੜ ਦਿਵਸ' ਇਤਿਹਾਸਕ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਧੂਮਧਾਮ ਨਾਲ ਮਨਾਇਆ ਗਿਆ। ਤੜਕਸਾਰ ਗੁਰੂ ਘਰ ਦੇ 'ਕਵਾੜ' ਖੁੱਲ੍ਹਣ ਮਗਰੋਂ ਸੰਗਤਾਂ ਦੀ ਆਮਦ ਸ਼ੁਰੂ ਹੋਈ ਅਤੇ ਦੇਰ ਸ਼ਾਮ ਤਕ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਗੁਰਦੁਆਰਾ ਸਾਹਿਬ ਵਿਖੇ 'ਬੰਦੀ ਛੋੜ ਦਿਵਸ' ਸਬੰਧੀ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਕੀਰਤਨੀ ਰਾਗੀ ਜਥਾ ਭਾਈ ਸੁਖਬੀਰ ਸਿੰਘ ਵੱਲੋਂ ਬਾਣੀ ਪ੍ਰਵਾਹ ਚਲਾਕੇ ਅਤੇ ਸੰਗਤਾਂ ਨੂੰ ਪ੍ਰਮਾਤਮਾ ਦੀ ਲਿਵ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤ ਦੀ ਦਾਤ ਹਾਸਲ ਕਰਨ ਵਾਲੇ ਪ੍ਰਾਣੀਆਂ ਨੇ ਵੀ 'ਅੰਮ੍ਰਿਤ' ਦੀ ਦਾਤ ਪ੍ਰਾਪਤ ਕਰਕੇ ਆਪਣਾ-ਆਪ ਗੁਰੂ ਘਰ ਨੂੰ ਸਮਰਪਤ ਕੀਤਾ।
ਇਸ ਉਪਰੰਤ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜੀ ਸੰਗਤ ਨੂੰ ਪ੍ਰੇਰਦਿਆਂ ਕਿਹਾ ਕਿ ਮਨੁੱਖ ਨੂੰ ਸੱਚਾਈ ਦੇ ਮਾਰਗ ਦਾ ਪੱਲਾ ਫੜਨਾ ਚਾਹੀਦਾ ਹੈ ਇਸ ਲਈ ਉਨ੍ਹਾਂ ਨੂੰ 'ਪਰਉਪਕਾਰੀ' ਗੁਰੂ ਦੀ ਸ਼ਰਨ 'ਚ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੇ ਆਪਣੀ ਸਾਂਝ ਵਿਕਾਰਾਂ ਨਾਲ ਪਾਈ ਹੋਈ ਹੈ, ਜਿਸ ਨਾਲ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ਮਨੁੱਖ ਨੂੰ ਮੋਹ ਦੀਆਂ ਤੰਦਾਂ ਦੇ ਭਰਮ-ਭੁਲੇਖੇ ਛੱਡ ਕੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈਣੀ ਚਾਹੀਦੀ ਹੈ ਤਾਂ ਹੀ ਅਸੀਂ ਸਮਰੱਥ ਗੁਰੂ ਨੂੰ ਪਾਉਣ 'ਚ ਸਫਲ ਹੋ ਸਕਦੇ ਹਾਂ। ਇਸ ਮੌਕੇ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਐਡੀ. ਮੈਨੇਜਰ ਕਰਨੈਲ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ਼ ਤੇ ਸੰਗਤਾਂ ਨੇ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।