
ਚੰਡੀਗੜ੍ਹ, 5 ਜਨਵਰੀ (ਸਰਬਜੀਤ ਢਿੱਲੋਂ) : ਦਸਮ ਪਾਤਿਸ਼ਾਹ ਅਤੇ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ੁਕਰਵਾਰ ਨੁੰ ਚੰਡੀਗੜ੍ਹ ਦੇ ਗੁਰਦੁਆਰਿਆਂ 'ਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਸਮੂਹ ਗੁਰਦੁਆਰਿਆਂ ਵਿਚ ਅੰਮ੍ਰਿਤ ਵੇਲੇ ਤੋਂ ਹੀ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਵਿਚਾਰਾਂ ਰਾਹੀਂ ਸਿੱਖ ਵਿਦਵਾਨਾਂ ਤੇ ਰਾਗੀ ਸਿੰਘਾਂ ਨੇ ਸੰਗਤ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਸੰਗਤ ਨੇ ਗੁਰਦੁਆਰਿਆਂ ਵਿਚ ਹਾਜ਼ਰੀ ਭਰੀ। ਇਸ ਦੌਰਾਨ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।
ਇਸ ਦੌਰਾਨ ਗੁਰਦੁਆਰਾ ਸੈਕਟਰ-22, 34, 19, 15, 46, 37, 38 ਅਤੇ ਸੈਕਟਰ-35 ਆਦਿ 'ਚ ਸਿੱਖ ਸੰਗਤ ਵਲੋਂ ਦਰਬਾਰ ਸਾਹਿਬ ਸਜਾਏ ਗਏ। ਸੈਕਟਰ-34 ਦੇ ਗੁਰੂ ਤੇਗ਼ ਬਹਾਦਰ ਸਾਹਿਬ ਗੁਰਦੁਆਰੇ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦਪੀ ਸਿੰਘ ਨਾਡਾ ਸਾਹਿਬ ਵਾਲਿਆਂ ਨੇ ਰਸ ਭਿੰਨਾ ਕੀਰਤਨ ਕੀਤਾ। ਭਾਈ ਨਰਿੰਦਰਬੀਰ ਸਿੰਘ ਗੁਰਮਤਿ ਸੇਵਾ ਸੁਸਾਇਟੀ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਗੁਰੂ ਜੀ ਦੇ ਜੀਵਨ ਦੇ ਫ਼ਲਸਫ਼ੇ 'ਤੇ ਅਮਲ ਕਰਨ ਦਾ ਸੰਦੇਸ਼ ਦਿਤਾ।
ਸੈਕਟਰ-22 ਦੇ ਸਿੰਘ ਸਭਾ ਗੁਰਰਦੁਆਰਾ ਸਾਹਿਬ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਬੀਬੀਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।