
ਨਵੀਂ ਦਿੱਲੀ: 8 ਦਸੰਬਰ (ਅਮਨਦੀਪ ਸਿੰਘ) : ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸਖ਼ਸ਼ੀਅਤ ਨੂੰ ਉਭਾਰਦੇ ਹੋਏ ਕਿਹਾ ਹੈ ਕਿ ਕੋਈ ਕਲਮ, ਕੋਈ ਕਿਤਾਬ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਨਹੀਂ ਬਿਆਨ ਸਕਦੀ। ਅੱਜ ਇਥੋਂ ਦੇ ਕਾਂਸਟੀਚਿਊਸ਼ਨ ਕਲੱਬ, ਰਫ਼ੀ ਮਾਰਗ ਵਿਖੇ ਪੰਜਾਬੀ ਅਕਾਦਮੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਕਰਵਾਏ ਜਾ ਰਹੇ ਦੋ ਦਿਨਾਂ ਕੌਮੀ ਪੱਧਰ ਦੇ ਸੈਮੀਨਾਰ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸਪੀਕਰ ਨੇ ਪੰਜਾਬੀ ਵਿਚ ਅਪਣੀ ਤਕਰੀਰ ਕਰਦਿਆਂ ਕਿਹਾ ਕਿ ਸਿੱਖ ਇਕਜੁਟ ਹੋ ਕੇ ਦੇਸ਼ ਦੀ ਸਿਆਸਤ ਨੂੰ ਅਗਵਾਈ ਦੇਣ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਪੰਜਾਬੀ ਅਕਾਦਮੀ ਨੂੰ ਸੁਝਾਅ ਦਿਤਾ ਕਿ ਹਿੰਦੀ ਸਾਹਿਤਕਾਰਾਂ ਵਲੋਂ ਗੁਰੂ ਸਾਹਿਬ ਦੀ ਸ਼ਖ਼ਸੀਅਤ ਬਾਰੇ ਛੱਪੀਆਂ ਰਚਨਾਵਾਂ ਨੂੰ ਇਕ ਕਿਤਾਬ ਦਾ ਰੂਪ ਦੇ ਕੇ ਲੋਕਾਂ ਲਈ ਤਿਆਰ ਕੀਤਾ ਜਾਵੇ। ਵੱਡੀ ਗਿਣਤੀ ਵਿਚ ਸਰੋਤੇ ਵੀ ਸੈਮੀਨਾਰ ਵਿਚ ਸ਼ਾਮਲ ਹੋਏ।ਜਿਥੇ ਪ੍ਰਸਿੱਧ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ ਤੇ ਹੋਰ ਪ੍ਰਸੰਗ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਹਸਤੀ ਨੂੰ ਉਭਾਰਿਆ, ਉਥੇ ਡਾ. ਸਰਬਜਿੰਦਰ ਸਿੰਘ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਵਿਧਾਇਕ ਸ. ਅਵਤਾਰ ਸਿੰਘ ਕਾਲਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਲੱਖਣ ਉਪਰਾਲਿਆਂ ਰਾਹੀਂ ਗੁਰੂ ਸਾਹਿਬਾਨ ਤੇ ਪੰਜਾਬੀ ਵਿਰਸੇ ਬਾਰੇ ਲੋਕਾਈ ਨੂੰ ਸਮਝਾਉਣਾ ਵੱਡੀ ਲੋੜ ਹੈ।ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਪੱਤਰਕਾਰ ਜਰਨੈਲ ਸਿੰਘ ਨੇ ਅਜੋਕੇ ਰਾਸ਼ਟਰਵਾਦ ਦੇ ਰੌਲੇ ਦੇ ਦੌਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਹਿੰਦੋਸਤਾਨ ਵਿਚ ਮੁੜ ਫ਼ਿਰਕੂ ਤਾਕਤਾਂ ਸਿਰ ਚੁਕ ਰਹੀਆਂ ਹਨ, ਪਰ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਹੀ ਔਰੰਗਜ਼ੇਬੀ ਸੋਚ ਵਾਲੀ ਫ਼ਿਰਕਾਪ੍ਰਸਤ ਤਾਕਤਾਂ ਨਾਲ ਸੀ। ਗੁਰੂ ਸਾਹਿਬ ਨੇ ਧਾਰਮਕ ਆਜ਼ਾਦੀ ਜਿਊਣ ਦਾ ਢੰਗ ਸਮਝਾਇਆ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਸਾਹਿਬਾਨ ਨੇ ਫ਼ਿਰਕੂ ਤਾਕਤਾਂ ਅਤੇ ਸੱਤਾ ਨਾਲ ਜੰਗ ਸ਼ੁਰੂ ਕਰ ਕੇ, ਅਖ਼ੀਰ ਖੰਡੇ ਦੀ ਪਾਹੁਲ ਛਕਾ ਕੇ, ਖ਼ਾਲਸਾ ਸਾਜਿਆ ਜਿਸਨੂੰ ਸਮਝਣ ਦੀ ਲੋੜ ਹੈ।ਸ਼ੁਰੂਆਤ ਵਿਚ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਉਮੀਦ ਪ੍ਰਗਟਾਈ ਕਿ ਸੈਮੀਨਾਰ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਲੋਕਾਈ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਹੈ।ਉੱਚੇਚੇ ਤੌਰ 'ਤੇ ਪੁੱਜੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅਪਣੀ ਸੱਤ ਮਿੰਟ ਦੀ ਸੰਖੇਪ ਤੇ ਪ੍ਰਭਾਵਸ਼ਾਲੀ ਤਕਰੀਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਮੁਸਲਮਾਨਾਂ ਨਾਲ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆਂ ਦੀ ਕੋਈ ਤਾਕਤ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਨੂੰ ਤੋੜ ਨਹੀਂ ਸਕਦੀ।ਉਨ੍ਹਾਂ ਪੰਜਾਬੀ ਵਿਰਸੇ 'ਤੇ ਮਾਣ ਕਰਨ ਦਾ ਸੱਦਾ ਦਿੰਦਿਆਂ ਸਿੱਖ ਨੌਜਵਾਨਾਂ ਨੂੰ ਨਸੀਹਤ ਦਿਤੀ ਕਿ ਉਹ ਸਿੱਖੀ ਤੇ ਪੰਜਾਬੀ ਵਿਰਸੇ ਨੂੰ ਸਮਝਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਇਸਲਾਮ ਨਾਲ ਕੋਈ ਦੁਸ਼ਮਣੀ ਨਹੀਂ ਸੀ, ਸਗੋਂ ਉਸ ਵੇਲੇ ਦੇ ਜ਼ਾਬਰ ਹਾਕਮਾਂ ਨਾਲ ਸੀ। ਨਹੀਂ ਤਾਂ ਸ਼ੁਰੂ ਤੋਂ ਮੁਸਲਮਾਨਾਂ ਤੇ ਸਿੱਖਾਂ ਦੀ ਪੀਢੀ ਸਾਂਝ ਰਹੀ ਹੈ।ਕੁੰਜੀਵਤ ਭਾਸ਼ਣ 'ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵੱਖ-ਵੱਖ ਹਿੰਦੀ ਸਾਹਿਤਕਾਰਾਂ ਤੇ ਹੋਰ ਇਤਿਹਾਸ ਹਵਾਲਿਆਂ ਰਾਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।ਡਾ. ਕੁਲਜੀਤ ਸਿੰਘ ਅਤੇ ਭੂਪੀ ਸਿੰਘ ਵਲੋਂ ਤਿਆਰ ਕੀਤੀ ਗਈ ਖ਼ਾਸ ਨਾਟਕੀ ਪੇਸ਼ਕਾਰੀ 'ਦਾਸਤਾਨ ਏ ਗੁਰੂ ਗੋਬਿੰਦ ਸਿੰਘ' ਜਿਸ 'ਚ ਡਾ.ਮਨੀਸ਼ਾ ਬਤਰਾ ਨੇ ਵੀ ਕੁਮੈਂਟਰੀ 'ਚ ਹਿਸਾ ਲਿਆ, ਰਾਹੀਂ ਗੁਰੂ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਿਲ ਦੇ ਮੈਂਬਰਾਂ ਬਲਜੀਤ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ ਅਰੋੜਾ, ਅਕਾਦਮੀ ਦੀ ਸੀਨੀਅਰ ਅਫ਼ਸਰ ਬੀਬੀ ਹਰਪ੍ਰੀਤ ਕੌਰ ਸਣੇ ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਕਰਤਾਰ ਸਿੰਘ ਕੋਛੜ, ਕਾਨੂੰਨਦਾਨ ਡਾ. ਰਘਬੀਰ ਸਿੰਘ, ਪੰਜਾਬੀ ਹਿਤੈਸ਼ੀ ਐਨ. ਆਰ. ਗੋਇਲ, ਡਾ. ਹਰਪਾਲ ਸਿੰਘ ਪੰਨੂੰ, ਹਰਿੰਦਰਪਾਲ ਸਿੰਘ, ਡਾ. ਪਰਮਵੀਰ ਸਿੰਘ, ਡਾ. ਵਨੀਤਾ, ਵਿਧਾਇਕ ਅਵਤਾਰ ਸਿੰਘ ਕਾਲਕਾ, ਹਰਦਿਤ ਸਿੰਘ ਗੋਬਿੰਦਪੁਰੀ, ਪ੍ਰੋ. ਹਰਮਿੰਦਰ ਸਿੰਘ ਸਣੇ ਹੋਰ ਵੀ ਪਤਵੰਤੇ ਸ਼ਾਮਲ ਹੋਏ।