
ਸ੍ਰੀ ਅਨੰਦਪੁਰ ਸਾਹਿਬ, 10 ਫ਼ਰਵਰੀ (ਸੁਖਵਿੰਦਰ ਪਾਲ ਸਿੰਘ ਸੁੱਖੂ): ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਸ਼ਿਵ ਸੈਨਾ ਵਲੋਂ ਸਿਆਸੀ ਕਾਨਫ਼ਰੰਸ ਕਰਨ ਦਾ ਐਲਾਨ ਕਰਨਾ ਪਵਿੱਤਰ ਨਗਰੀ ਦੀ ਸ਼ਾਂਤ ਫਿਜ਼ਾ ਨੂੰ ਲਾਂਬੂ ਲਾਉਣ ਦੀ ਸਾਜ਼ਸ਼ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਥਾਨਕ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਹਲਕੇ ਦੇ ਦੂਜੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬੁਹਤ ਹੀ ਦੁਖ ਦੀ ਗੱਲ ਹੈ ਕਿ ਵਾਰ-ਵਾਰ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾਉਣ ਦੇ ਲਈ ਦੇਸ਼ ਵਿਰੋਧੀ ਤੇ ਸਿੱਖ ਵਿਰੋਧੀ ਤਾਕਤਾਂ ਸਾਡੇ ਧਾਰਮਕ ਸਮਾਗਮਾਂ ਵਿਚ, ਮੇਲਿਆਂ 'ਚ, ਧਰਮ ਵਿਚ ਸਿੱਧੇ ਜਾਂ ਅਸਿੱਧੇ
ਢੰਗ ਦੇ ਨਾਲ ਦਖ਼ਲਅੰਦਾਜ਼ੀ ਕਰਦੀਆਂ ਰਹਿੰਦੀਆਂ ਹਨ। ਇਹੋ ਕਾਰਨ ਹੈ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਿੱਖ ਕੌਮ ਦੇ ਸ਼ਹੀਦਾਂ ਬਾਰੇ ਗ਼ਲਤ ਤੇ ਕੂੜ ਪ੍ਰਚਾਰ ਕਰਨ ਦੇ ਆਦਿ ਸ਼ਿਵ ਸੈਨਿਕਾਂ ਵਲੋਂ ਸਿੱਖਾਂ ਦੇ ਕੌਮੀ ਤਿਉਹਾਰ ਮੌਕੇ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਗਿਆ ਹੋਵੇ। ਅਫ਼ਸਰਸ਼ਾਹੀ ਵਲੋਂ ਪ੍ਰਫ਼ੁਲਤ ਕੀਤੇ ਜਾਣ ਵਾਲੇ ਅਜਿਹੇ ਕਥਿਤ ਸ਼ਿਵ ਸੈਨਿਕਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਧਰਮ ਵਿਚ ਸਿੱਧੇ ਤੌਰ 'ਤੇ ਦਖ਼ਲਅੰਦਾਜ਼ੀ ਹੀ ਨਹੀਂ ਕਰਦੇ, ਬਲਕਿ ਸ੍ਰੀ ਅਨੰਦਪੁਰ ਸਾਹਿਬ ਸਣੇ ਗੁਰੂ ਸਾਹਿਬਾਨ ਤੋਂ ਪੂਰੇ ਅਮਨ ਅਮਾਨ ਦੇ ਨਾਲ ਲੱਖਾਂ ਸਿੱਖ ਸ਼ਰਧਾਲੂਆਂ ਵਲੋਂ ਮਨਾਏ ਜਾਣ ਵਾਲੇ ਕੌਮੀ ਤਿਉਹਾਰ ਹੋਲੇ ਮਹੱਲੇ ਵਿਚ ਜਾਣਬੁਝ ਕੇ ਸ਼ਾਂਤ ਵਾਤਾਵਰਨ ਨੂੰ ਵਿਗਾੜ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।