
ਸ੍ਰੀ
ਆਨੰਦਪੁਰ ਸਾਹਿਬ, 11 ਸਤੰਬਰ (ਦਲਜੀਤ ਸਿੰਘ ਅਰੋੜਾ, ਸੁਖਵਿੰਦਰ ਪਾਲ ਸਿੰਘ):
ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਲੋਂ ਕਲਰਕਾਂ ਦੀ ਭਰਤੀ ਲਈ ਲਏ ਜਾ ਰਹੇ ਇਮਤਿਹਾਨ ਵਿਚ
ਬੈਠਣ ਵਾਲੇ ਵਿਦਿਆਰਥੀਆਂ ਤੋਂ ਸਿੱਖ ਧਰਮ ਦੇ ਕਕਾਰਾਂ ਵਿਚੋਂ ਇਕ ਕੜਾ ਲੁਹਾਉਣ ਦੀ ਤਖ਼ਤ
ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿਖੇਧੀ ਕੀਤੀ ਹੈ।
ਅੱਜ
ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੜਾ ਸਿੱਖ ਧਰਮ
ਦਾ ਪਵਿੱਤਰ ਕਕਾਰ ਹੈ ਤੇ ਇਹ ਪਾਉਣਾ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ। ਕੜਾ ਪਾਉਣ ਤੋਂ
ਨਾ ਤਾਂ ਕਾਨੂੰਨ ਮਨਾਂ ਕਰ ਸਕਦਾ ਹੈ ਤੇ ਨਾ ਹੀ ਕੋਈ ਸਕੂਲ ਜਾਂ ਯੂਨੀਵਰਸਟੀ ਪਰ ਅਫ਼ਸੋਸ
ਦੀ ਗੱਲ ਹੈ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਬਣੀ ਖੇਤੀਬਾੜੀ ਯੂਨੀਵਰਸਟੀ ਦੇ
ਐਗਰੀਕਲਚਰ ਐਂਡ ਇੰਜੀਨੀਅਰਿੰਗ ਕਾਲਜ ਵਿਚ ਕਲਰਕਾਂ ਦੀ ਭਰਤੀ ਲਈ ਇਮਤਿਹਾਨ ਦੇਣ ਵਾਲਿਆਂ
ਨੂੰ ਇਹ ਕਿਹਾ ਗਿਆ ਕਿ ਕੜਾ ਪਾ ਕੇ ਇਮਤਿਹਾਨ ਵਿਚ ਨਹੀਂ ਬੈਠ ਸਕਦੇ ਤੇ ਉਨ੍ਹਾਂ ਇਮਤਿਹਾਨ
ਦੇਣ ਵਾਲਿਆਂ ਦੇ ਕੜੇ ਲੁਹਾ ਦਿਤੇ ਗਏ। ਰਘਬੀਰ ਸਿੰਘ ਨੇ ਕਾਲਮਨਵੀਸ ਕੁਲਦੀਪ ਨਈਅਰ ਬਾਰੇ
ਗੱਲ ਕਰਦਿਆਂ ਕਿਹਾ ਕਿ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਗ਼ਲਤ ਬਿਆਨਬਾਜ਼ੀ ਕਰ ਕੇ ਸਾਡੇ
ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਸੰਤ ਭਿੰਡਰਾਂਵਾਲਿਆਂ ਨੂੰ ਅਕਾਲ
ਤਖ਼ਤ ਤੋਂ ਕੌਮੀ ਸ਼ਹੀਦ ਐਲਾਨਿਆ ਗਿਆ ਹੈ ਤੇ ਸਮੁੱਚੀ ਕੌਮ ਉਸ ਯੋਧੇ ਦਾ ਸਨਮਾਨ ਕਰਦੀ ਹੈ
ਪਰ ਕੁਲਦੀਪ ਨਈਅਰ ਨੇ ਸੰਤਾਂ ਬਾਰੇ ਗ਼ਲਤ ਲਿਖ ਕੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼
ਕੀਤੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ।