16 ਨਵੰਬਰ
1675: ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਕੀਰਤਪੁਰ ਸਾਹਿਬ ਪੁੱਜਾ।
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ (11 ਨਵੰਬਰ 1675) ਮਗਰੋਂ ਭਾਈ ਜੈਤਾ (ਪਾਹੁਲ ਲੈਣ ਮਗਰੋਂ ਭਾਈ ਜੀਵਨ ਸਿੰਘ), ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਬਣਾਈ। ਭਾਈ ਜੈਤਾ ਟੋਕਰੀ ਸਿਰ 'ਤੇ ਚੁੱਕ ਕੇ ਲੈ ਗਿਆ ਅਤੇ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ ਜਿਸ ਨੂੰ ਮਗਰੋਂ ਭਾਈ ਜੈਤਾ, ਊਦਾ ਤੇ ਨਾਨੂ ਰਾਮ ਚੱਕ ਨਾਨਕੀ ਲੈ ਗਏ। ਉਹ ਦਿੱਲੀ ਤੋਂ ਚੱਲ ਕੇ ਬਾਗਪਤ ਪੁੱਜੇ ਅਤੇ ਇੱਥੋਂ ਜਮਨਾ ਦਰਿਆ ਪਾਰ ਕਰ ਕੇ ਕਰਨਾਲ, ਅੰਬਾਲਾ 'ਤੇ ਨਾਭਾ (ਹੁਣ ਨਾਭਾ ਸਾਹਿਬ, ਚੰਡੀਗੜ੍ਹ-ਪਟਿਆਲਾ ਰੋਡ 'ਤੇ) ਵਿੱਚ ਪੜਾਅ ਕਰਦੇ ਹੋਏ 16 ਨਵੰਬਰ ਨੂੰ ਕੀਰਤਪੁਰ ਤੋਂ ਬਾਅਦ ਅਨੰਦਪੁਰ ਸਾਹਿਬ ਪੁੱਜੇ। ਅਗਲੇ ਦਿਨ ਸੀਸ ਦਾ ਸਸਕਾਰ ਮੌਜੂਦਾ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ 'ਤੇ ਕੀਤਾ ਗਿਆ।
1688: ਗੁਰੂ ਗੋਬਿੰਦ ਸਿੰਘ ਜੀ ਪਾਊਂਟਾ ਤੋਂ ਚੱਕ ਨਾਨਕੀ ਪੁੱਜੇ।
16 ਸਿਤੰਬਰ 1688 ਦੇ ਦਿਨ ਭੰਗਾਣੀ ਦੀ ਲੜਾਈ ਵਿੱਚ ਸ਼ਾਨਦਾਰ ਜਿੱਤ ਮਗਰੋਂ ਗੁਰੂ ਸਹਿਬ 28 ਅਕਤੂਬਰ 1688 ਦੇ ਦਿਨ ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਇਪੁਰ, ਢਕੌਲੀ, ਨਾਢਾ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ ਹੁੰਦੇ ਹੋਏ 16 ਨਵੰਬਰ 1688 ਦੇ ਦਿਨ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਪਹੁੰਚ ਗਏ।
1916: ਗ਼ਦਰੀ ਯੋਧੇ ਕਰਤਾਰ ਸਿੰਘ ਸਰਾਭਾ ਨੂੰ ਸਾਥੀਆਂ ਸਮੇਤ ਫ਼ਾਂਸੀ ਦਿੱਤੀ ਗਈ।
ਪੰਜਾਬ ਦੀ ਧਰਤੀ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਵਾਸਤੇ 1913 ਵਿੱਚ ਅਮਰੀਕਾ ਅਤੇ ਕਨੇਡਾ ਵਿੱਚ ਗ਼ਦਰ ਪਾਰਟੀ ਬਣਾਈ ਗਈ ਸੀ ਜਿਸ ਦਾ ਨਿਸ਼ਾਨਾ ਅੰਗਰੇਜ਼ਾਂ ਤੋਂ ਮੁਲਕ ਨੂੰ ਅਜ਼ਾਦ ਕਰਵਾਉਣਾ ਸੀ। ਗ਼ਦਰ ਪਾਰਟੀ ਨੇ ਆਪਣਾ ਐਕਸ਼ਨ ਅਜੇ ਕੁਝ ਸਮਾਂ ਠਹਿਰ ਕੇ ਕਰਨਾ ਸੀ ਪਰ ਬਰਤਾਨੀਆ ਤੇ ਜਰਮਨੀ ਵਿਚ ਜੰਗ 28 ਜੁਲਾਈ 1914 ਨੂੰ ਸ਼ੁਰੂ ਹੋ ਗਈ। ਇਸ ਕਰ ਕੇ ਗ਼ਦਰ ਆਗੂਆਂ ਨੇ ਆਪਣਾ ਐਕਸ਼ਨ ਐਡਵਾਂਸ ਕਰਨ ਦਾ ਫ਼ੈਸਲਾ ਕਰ ਲਿਆ। 'ਗ਼ਦਰ' ਅਖਬਾਰ ਦੇ 4 ਅਗਸਤ 1914 ਦੇ ਪਰਚੇ ਵਿਚ ਗ਼ਦਰੀ ਆਗੂਆਂ ਵਲੋਂ ਆਪੋ-ਆਪਣੇ ਪਿੰਡਾਂ ਵਿਚ ਪਹੁੰਚਣ ਬਾਰੇ ਅਪੀਲ ਛਾਪੀ ਗਈ ਸੀ।
ਅਗਸਤ ਵਿਚ ਹੀ ਪਾਰਟੀ ਦੀ ਪਹਿਲੀ ਟੋਲੀ (ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਵਗੈਰਾ) ਨੇ ਪੰਜਾਬ ਵਾਸਤੇ ਚਾਲੇ ਪਾ ਗਈ। ਇਸ ਤੋਂ ਪਿੱਛੋਂ ਵੱਡਾ ਜੱਥਾ, ਜਿਸ ਵਿਚ 70 ਗ਼ਦਰੀ ਸਨ, ਐਸ. ਐਸ. ਕੋਰੀਆ ਨਾਂ ਦੇ ਜਹਾਜ਼ ਰਾਹੀਂ, 29 ਅਗਸਤ ਨੂੰ ਸਾਨਫ਼ਰਾਂਸਿਸਕੋ ਤੋਂ ਚਲ ਪਿਆ। ਇਸ ਤੋਂ ਬਾਅਦ, ਤਕਰੀਬਨ 8 ਹਜ਼ਾਰ ਗ਼ਦਰੀ ਵਰਕਰ, ਪਰਦੇਸਾਂ ਵਿਚੋਂ ਪੰਜਾਬ ਵੱਲ ਤੁਰ ਪਏ। ਮੁਖ਼ਬਰਾਂ ਨੇ ਇਨ੍ਹਾਂ ਦੇ ਚੱਲਣ ਬਾਰੇ ਪਹਿਲਾਂ ਤੋਂ ਹੀ ਰਿਪੋਰਟਾਂ ਸਰਕਾਰ ਨੂੰ ਦੇ ਦਿੱਤੀਆਂ ਸਨ। ਇਸ ਕਰ ਕੇ ਸਰਕਾਰ ਨੇ ਮੁਲਕ 'ਚ ਦਾਖ਼ਿਲ ਹੋਣ ਵਾਲਿਆਂ ਨੂੰ ਹਿਰਾਸਤ ਵਿਚ ਲੈਣ ਵਾਸਤੇ ਦੋ ਆਰਡੀਨੈਂਸ ਜਾਰੀ ਕਰ ਦਿੱਤੇ ਗਏ ਸਨ।
ਪਲਾਨਿੰਗ ਮੁਤਾਬਕ ਗ਼ਦਰੀਆਂ ਨੇ ਗੋਰੇ ਅਫ਼ਸਰਾਂ ਨੂੰ ਕਤਲ ਕਰ ਕੇ, ਅਸਲੇ 'ਤੇ ਕਬਜ਼ਾ ਕਰ ਕੇ, ਐਕਸ਼ਨ ਸ਼ੁਰੂ ਕਰਨਾ ਸੀ। ਗ਼ਦਰ ਨੂੰ ਸਾਰੇ ਪਾਸੇ (ਲਾਹੌਰ, ਫ਼ਿਰੋਜ਼ਪੁਰ, ਰਾਵਲਪਿੰਡੀ ਫ਼ੌਜੀ ਛਾਉਣੀਆਂ ਵਿਚ) ਇਕੱਠਾ ਹੀ ਸ਼ੁਰੂ ਕੀਤਾ ਜਾਣਾ ਸੀ। ਇਸ ਦਾ ਚਾਰਜ ਵਿਸਾਖਾ ਸਿੰਘ ਦਦੇਹਰ ਕੋਲ ਸੀ। ਮਾਝੇ ਵਾਲਿਆਂ ਨੇ 20 ਫ਼ਰਵਰੀ ਨੂੰ ਲੋਪੋਕੇ ਦਾ ਥਾਣਾ ਲੁੱਟ ਕੇ 21 ਨੂੰ ਲਾਹੌਰ ਪੁੱਜਣਾ ਸੀ। ਮਾਲਵੇ ਵਿੱਚੋਂ ਭਾਈ ਰਣਧੀਰ ਸਿੰਘ (ਮਗਰੋਂ ਅਖੰਡ ਕੀਰਤਨੀ ਜਥਾ), ਕਰਤਾਰ ਸਿੰਘ ਸਰਾਭਾ ਤੇ ਸੱਜਣ ਸਿੰਘ ਨਾਰੰਗਵਾਲ ਨੇ ਅਗਵਾਈ ਕਰਨੀ ਸੀ।
ਉੱਧਰ ਸਰਕਾਰ ਨੂੰ ਗ਼ਦਰੀ ਕਾਰਵਾਈਆਂ ਦੀ ਪੂਰੀ ਸੂਹ ਮਿਲ ਰਹੀ ਸੀ। ਉਨ੍ਹਾਂ ਨੇ ਕਿਰਪਾਲ ਸਿੰਘ ਬਰਾੜ ਨਾਂ ਦਾ ਸੀ. ਆਈ. ਡੀ. ਦਾ ਬੰਦਾ ਗ਼ਦਰ ਪਾਰਟੀ ਵਿਚ ਵਾੜ ਦਿੱਤਾ ਸੀ ਤੇ ਭੋਲ਼ੇ ਗ਼ਦਰੀਆਂ ਨੇ ਉਸ ਨੂੰ ਸੈਂਟਰਲ ਕਮੇਟੀ ਵਿਚ ਵੀ ਸ਼ਾਮਿਲ ਕਰ ਲਿਆ ਸੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਅਜੇ ਸਿਰਫ਼ 9 ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ। ਖ਼ੈਰ ਛੇਤੀ ਹੀ ਉਸ ਬਾਰੇ ਕੁਝ ਵਰਕਰਾਂ ਨੂੰ ਸੂਹ ਮਿਲ ਗਈ।
ਇਸ ਕਰ ਕੇ ਗ਼ਦਰ ਦੀ ਤਾਰੀਖ ਦੋ ਦਿਨ ਅਗਾਊਂ ਕਰ ਲਈ ਗਈ। ਉਸਨੂੰ ਇਸ ਤਾਰੀਖ ਦਾ ਵੀ ਪਤਾ ਲੱਗ ਗਿਆ। ਇਸ ਕਰ ਕੇ ਉਸ ਦੀ ਮੁਖ਼ਬਰੀ ਨਾਲ 19 ਫਰਵਰੀ 1915 ਨੂੰ ਸ਼ਾਮ ਦੇ ਸਾਢੇ ਚਾਰ ਵਜੇ (ਗ਼ਦਰ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ), ਪਾਰਟੀ ਦੇ ਹੈੱਡਕੁਆਟਰ ਤੇ ਛਾਪਾ ਮਾਰ ਕੇ ਬਹੁਤ ਸਾਰੇ ਆਗੂ ਗ੍ਰਿਫ਼ਤਾਰ ਕਰ ਲਏ ਗਏ ਪਰ ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਅਤੇ ਕੁਝ ਹੋਰ ਆਗੂ ਬਚ ਕੇ ਨਿਕਲ ਗਏ। ਮਗਰੋਂ ਇਕ ਦੋਸਤ ਦੀ ਗ਼ੱਦਾਰੀ ਕਾਰਨ 2 ਮਾਰਚ 1915 ਦੇ ਦਿਨ ਉਸ ਨੂੰ ਵਿਨਸਨਪੁਰ (ਨੇੜੇ ਚੱਕ ਨੰਬਰ 5, ਸ਼ਾਹਪੁਰ, ਜ਼ਿਲ੍ਹਾ ਸਰਗੋਧਾ) ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਗ਼ਦਰ ਲਹਿਰ ਦਾ ਵੱਡਾ ਐਕਸ਼ਨ ਨਾਕਾਮਯਾਬ ਹੋਣ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਗ਼ਦਰੀਆਂ ਉੱਪਰ ਮੁਕੱਦਮੇ ਚਲਾਏ ਗਏ। ਇਨ੍ਹਾਂ ਨੂੰ 'ਲਾਹੌਰ ਕਾਂਸਪੀਰੇਸੀ ਕੇਸ' ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪਹਿਲਾ ਮੁਕੱਦਮਾ 26 ਅਪਰੈਲ 1915 ਨੂੰ ਸ਼ੁਰੂ ਹੋਇਆ ਤੇ 13 ਸਤੰਬਰ 1915 ਨੂੰ ਪੰਡਿਤ ਸ਼ਿਵ ਨਰਾਇਣ ਤੇ ਦੋ ਅੰਗਰੇਜ਼ ਕਮਿਸ਼ਨਰਾਂ ਨੇ ਫ਼ੈਸਲਾ ਸੁਣਾ ਕੇ 82 'ਮੁਲਜ਼ਮਾਂ' (ਗ਼ਦਰੀਆਂ) ਵਿਚੋਂ ਕਰਤਾਰ ਸਿੰਘ (ਸਰਾਭਾ, ਜ਼ਿਲ੍ਹਾ ਲੁਧਿਆਣਾ), ਜਗਤ ਸਿੰਘ (ਸੁਰਸਿੰਘ, ਜ਼ਿਲ੍ਹਾ ਲਾਹੌਰ, ਹੁਣ ਜ਼ਿਲ੍ਹਾ ਅੰਮ੍ਰਿਤਸਰ), ਹਰਨਾਮ ਸਿੰਘ ਭੱਟੀ ਗੋਰਾਇਆ, ਸਿਆਲਕੋਟ), ਬਖ਼ਸ਼ੀਸ਼ ਸਿੰਘ (ਗਿਲਵਾਲੀ, ਜ਼ਿਲ੍ਹਾ ਅੰਮ੍ਰਿਤਸਰ), ਸੁਰੈਣ ਸਿੰਘ ਪੁਤਰ ਬੂੜ ਸਿੰਘ (ਗਿਲਵਾਲੀ), ਸੁਰੈਣ ਸਿੰਘ ਪੁਤਰ ਈਸ਼ਰ ਸਿੰਘ (ਗਿਲਵਾਲੀ) ਤੇ ਵਿਸ਼ਨੂ ਗਣੇਸ਼ ਪਿੰਗਲੇ ਸਣੇ 24 ਜਣਿਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ (ਮਗਰੋਂ ਅਪੀਲ ਕੋਰਟ ਵੱਲੋਂ ਉਪਰਲੇ 7 ਨੂੰ ਛੱਡ ਕੇ ਬਾਕੀ 17 ਜਣਿਆਂ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ); ਇਸ ਤੋਂ ਇਲਾਵਾ 23 ਨੂੰ ਉਮਰ ਕੈਦ ਤੇ 6 ਗ਼ਦਰੀਆਂ (ਸੋਹਣ ਸਿੰਘ ਭਕਨਾ, ਨਿਧਾਨ ਸਿੰਘ ਚੁੱਘਾ, ਜੁਆਲਾ ਸਿੰਘ ਠੱਠੀਆਂ, ਵਿਸਾਖਾ ਸਿੰਘ ਦਦੇਹਰ, ਪਿਆਰਾ ਸਿੰਘ ਲੰਗੇਰੀ, ਊਧਮ ਸਿੰਘ ਕਸੇਲ, ਹਰਨਾਮ ਸਿੰਘ ਟੁੰਡੀਲਾਟ ਨੂੰ ਘੱਟ ਸਜ਼ਾਵਾਂ ਦਿੱਤੀਆਂ ਗਈਆਂ। ਨੌਜਵਾਨ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ,ਹਰਨਾਮ ਸਿੰਘ ਭੱਟੀ ਗੋਰਾਇਆ, ਬਖ਼ਸ਼ੀਸ਼ ਸਿੰਘ ਗਿਲਵਾਲੀ, ਸੁਰੈਣ ਸਿੰਘ ਗਿਲਵਾਲੀ, ਸੁਰੈਣ ਸਿੰਘ ਗਿਲਵਾਲੀ (ਦੂਜਾ) ਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ 16 ਨਵੰਬਰ 1916 ਦੇ ਦਿਨ ਫ਼ਾਂਸੀ 'ਤੇ ਚੜ੍ਹਾ ਦਿੱਤਾ ਗਿਆ।
1957: ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 11 ਵੀਂ ਕਾਨਫ਼ਰੰਸ ਕੀਤੀ।
16-17 ਨਵੰਬਰ 1957 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫ਼ਰੰਸ ਬਠਿੰਡਾ ਵਿਚ ਕੀਤੀ ਗਈ। 'ਸੇਵਾ ਸਿੰਘ ਠੀਕਰੀ ਵਾਲਾ ਨਗਰ' ਦੇ ਵੱਡੇ ਪੰਡਾਲ ਵਿਚ ਲੱਖਾਂ ਸਿੱਖ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਤੇ ਫ਼ਤਹਿ ਸਿੰਘ ਗੰਗਾਨਗਰ ਕਰ ਰਹੇ ਸਨ। ਇਸ ਸਮਾਗਮ ਵਿੱਚ ਪੁਰਾਣੇ ਆਗੂਆਂ (ਜੋ ਲਾਲਚਾਂ ਕਰ ਕੇ ਕਾਂਗਰਸ ਦੀ ਝੋਲੀ ਵਿਚ ਪੈ ਚੁਕੇ ਸਨ) ਦੀ ਥਾਂ ਨਵੇਂ ਆਗੂ ਸਾਹਮਣੇ ਆਏ। ਇਸ ਕਾਨਫ਼ਰੰਸ ਰਾਹੀਂ ਰਿਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਗਈ ।
1958: ਐਸ.ਜੀ.ਪੀ.ਸੀ. ਪ੍ਰਧਾਨ ਦੇ ਚੋਣ ਮੁਕਾਬਲੇ ਵਿੱਚ ਪ੍ਰੇਮ ਸਿੰਘ ਲਾਲਪੁਰਾ ਨੇ ਮਾਸਟਰ ਤਾਰਾ ਸਿੰਘ ਨੂੰ ਹਰਾਇਆ।
1958 ਵਿੱਚ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ। 16 ਨਵੰਬਰ 1958 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸੀ। ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਚੀਫ਼ ਮਨਿਸਟਰ ਸੀ; ਉਸ ਨੇ ਆਪਣੇ ਵਜ਼ੀਰ ਗਿਆਨੀ ਕਰਤਾਰ ਸਿੰਘ ਨੂੰ ਪੂਰੀ ਤਾਕਤ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਲਈ ਤਿਆਰ ਕੀਤਾ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦਾ ਮੈਂਬਰ ਸੀ। ਉਸ ਨੇ 10 ਨਵੰਬਰ ਨੂੰ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਮਾਸਟਰ ਤਾਰਾ ਸਿੰਘ ਹਰਾਉਣ ਵਾਸਤੇ ਸਾਰੀ ਤਾਕਤ ਲਗਾ ਦਿੱਤੀ। ਦਰਜਨਾਂ ਮੈਂਬਰਾਂ ਨੂੰ ਪੈਸੇ ਅਤੇ ਅਹੁਦੇ ਦੇ ਕੇ ਖ਼ਰੀਦ ਲਿਆ ਗਿਆ। ਇੰਝ 16 ਨਵੰਬਰ 1958 ਨੂੰ ਮਾਸਟਰ ਤਾਰਾ ਸਿੰਘ ਦੀਆਂ 74 ਵੋਟਾਂ ਦੇ ਮੁਕਾਬਲੇ ਪ੍ਰੇਮ ਸਿੰਘ ਲਾਲਪੁਰਾ 77 ਵੋਟਾਂ 'ਤੇ ਜਿੱਤਣ ਵਿੱਚ ਕਾਮਯਾਬ ਹੋ ਗਿਆ ਤੇ ਪ੍ਰਤਾਪ ਸਿੰਘ ਕੈਰੋਂ ਤੋਂ ਸ਼ਾਬਾਸ਼ ਹਾਸਿਲ ਕੀਤੀ।
1981: ਕਪੂਰਥਲਾ ਦਾ ਨਿਰੰਕਾਰੀ ਮੁਖੀ ਪ੍ਰਹਲਾਦ ਚੰਦ ਅਤੇ ਉਸਦਾ ਪੁੱਤਰ ਮਾਰੇ ਗਏ।
16 ਨਵੰਬਰ 1981 ਦੇ ਦਿਨ ਬੱਬਰ ਖਾਲਸਾ (ਮੋਢੀ ਤਲਵਿੰਦਰ ਸਿੰਘ) ਦੇ ਖਾੜਕੂਆਂ ਵੱਲੋਂ ਕਪੂਰਥਲਾ ਦੇ ਨਿਰੰਕਾਰੀ ਮੁਖੀ ਪ੍ਰਹਿਲਾਦ ਚੰਦ, ਉਸ ਦੇ ਭਰਾ ਤੇ ਉਸ ਦੇ ਬਾਪ ਉੱਤੇ ਹਮਲਾ ਕੀਤਾ ਗਿਆ। ਹਮਲੇ ਵਿਚ ਪ੍ਰਹਿਲਾਦ ਚੰਦ ਤਾਂ ਉਸੇ ਵੇਲੇ ਮਾਰਿਆ ਗਿਆ ਪਰ ਉਸ ਦਾ ਭਰਾ 'ਤੇ ਬਾਪ ਬਾਅਦ ਵਿਚ ਮਰ ਗਏ। ਕਤਲ ਕਰਨ ਵਾਲਿਆਂ ਦਾ ਮੋਟਰ ਸਾਈਕਲ (ਐਚ.ਐਨ.ਈ. 8275) ਵੇਲੇ ਸਿਰ ਚਲ ਨਾ ਸਕਿਆ, ਜਿਸ ਕਰ ਕੇ ਉਹ ਉਸ ਨੂੰ ਉੱਥੇ ਹੀ ਛੱਡ ਕੇ ਸ਼ੇਰਗੜ੍ਹ ਮੁਹੱਲੇ ਵਿਚੋਂ ਦੌੜ ਕੇ ਗ਼ਾਇਬ ਹੋ ਗਏ।
ਪੁਲਿਸ ਨੇ ਮੋਟਰ ਸਾਈਕਲ ਦੀ ਮਲਕੀਅਤ ਦਾ ਪਤਾ ਲਾ ਕੇ ਇਸ ਦੇ ਮਾਲਿਕ, ਚੋਗਾਵਾਂ ਪਿੰਡ ਦੇ ਬਖ਼ਸ਼ੀਸ਼ ਸਿੰਘ, ਨੂੰ ਗ੍ਰਿਫ਼ਤਾਰ ਕਰ ਲਿਆ। ਬਖ਼ਸ਼ੀਸ਼ ਸਿੰਘ ਨੇ ਪੁਲੀਸ ਨੂੰ ਦੱਸ ਦਿੱਤਾ ਕਿ ਉਸ ਤੋਂ ਕਾਲਾ ਸੰਘਿਆਂ ਦਾ ਤਰਸੇਮ ਸਿੰਘ ਮੋਟਰ ਸਾਈਕਲ ਉਧਾਰ ਮੰਗ ਕੇ ਲੈ ਗਿਆ ਸੀ। ਇਸ ਦੇ ਨਾਲ ਹੀ ਪੁਲੀਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਕਪੂਰਥਲੇ ਵਿਚ ਚਲਾਈਆਂ ਗਈਆਂ ਗੋਲੀਆਂ 38 ਬੋਰ ਦੇ ਅਮਰੀਕਨ ਪਿਸਤੌਲ ਦੀਆਂ ਸਨ ਅਤੇ ਪੰਜਾਬ ਵਿਚ ਹੋਏ ਬਹੁਤੇ ਐਕਸ਼ਨਾਂ ਵਿਚ ਇਹ ਪਸਤੋਲ ਹੀ ਵਰਤੇ ਗਏ ਸਨ।
1982: ਜੱਥਾ ਭਿੰਡਰਾਂ ਦੇ ਪੈਰੋਕਾਰ ਭੋਲਾ ਸਿੰਘ ਰੋਡੇ ਅਤੇ ਕਸ਼ਮੀਰ ਸਿੰਘ ਲਾਧੂਵਾਲ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ।
16 ਨਵੰਬਰ 1982 ਦੇ ਦਿਨ ਪੰਜਾਬ ਪੁਲੀਸ ਨੇ ਭਿੰਡਰਾਂ ਜੱਥਾ ਦੇ ਪੈਰੋਕਾਰ ਭੋਲਾ ਸਿੰਘ ਰੋਡੇ ਅਤੇ ਕਸ਼ਮੀਰ ਸਿੰਘ ਲਾਧੂਵਾਲ ਨੂੰ ਗ੍ਰਿਫ਼ਤਾਰ ਕਰ ਕੇ, ਲਾਠੀਆਂ ਮਾਰ-ਮਾਰ ਕੇ ਉਨ੍ਹਾਂ ਦੀਆਂ ਦਰਜਨਾਂ ਹੱਡੀਆਂ ਤੋੜ ਦਿੱਤੀਆਂ। ਮਗਰੋਂ ਉਨ੍ਹਾਂ ਨੂੰ ਪੁਲੀਸ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ। ਇਹ ਭੋਲਾ ਸਿੰਘ ਉਸ ਗਰੁੱਪ ਦਾ ਮੈਂਬਰ ਸੀ ਜਿਸ ਨੂੰ ਭਿੰਡਰਾਂਵਾਲਿਆਂ ਨੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਕਤਲ ਕਰਨ ਦੀ ਡਿਊਟੀ ਦਿੱਤੀ ਸੀ ਪਰ ਉਹ ਕਾਮਯਾਬ ਨਹੀਂ ਸੀ ਹੋ ਸਕਿਆ।
1992 : 12 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ।
16 ਨਵੰਬਰ 1992 ਦੇ ਦਿਨ ਪੰਜਾਬ ਪੁਲੀਸ ਨੇ ਮੇਜਰ ਸਿੰਘ ਉਰਫ਼ ਜੱਗਾ ਸਿੰਘ ਵਾਸੀ ਮਾਜਰੀ (ਤਿੰਨ ਸੌ ਕਤਲਾਂ ਦਾ ਜ਼ਿੰਮੇਦਾਰ ਗਰਦਾਨ ਕੇ), ਸਤਵੰਤ ਸਿੰਘ ਮੁੰਡੀਆਂ ਥਾਣਾ, ਕਾਕਾ ਸਿੰਘ, ਬਘੇਲ ਸਿੰਘ, ਜੀਤ ਸਿੰਘ, ਦਲਜੀਤ ਸਿੰਘ ਸੋਹਾਣਾ (ਪੁੱਤਰ ਸ਼ੇਰ ਸਿੰਘ, ਵਾਸੀ ਸੋਹਾਣਾ, ਨੇੜੇ ਮੋਹਾਲੀ) ਤੇ ਛੇ ਹੋਰ ਸਿੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ।
ਸਿੱਖ ਇਤਿਹਾਸ ਦੀ ਇਹ ਬੇਸ਼ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਸਿੱਖ ਇਤਿਹਾਸਕਾਰ ਸ.ਹਰਜਿੰਦਰ ਸਿੰਘ ਦਿਲਗੀਰ ਦਾ ਵਿਸ਼ੇਸ਼ ਧੰਨਵਾਦ।
end-of