
ਕੋਟਕਪੂਰਾ, 4 ਜਨਵਰੀ (ਗੁਰਿੰਦਰ ਸਿੰਘ): ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦਤ ਫ਼ੈਸਲਿਆਂ, ਵਿਵਾਦਤ ਬਿਆਨਬਾਜ਼ੀ ਅਤੇ ਵਿਵਾਦਤ ਹੁਕਮਨਾਮਿਆਂ ਅਰਥਾਤ ਫ਼ਤਵਿਆਂ ਨੂੰ ਲੈ ਕੇ ਤਖ਼ਤਾਂ ਦੇ ਜਥੇਦਾਰ ਚਰਚਾ 'ਚ ਤਾਂ ਰਹਿੰਦੇ ਹੀ ਹਨ, ਬਲਕਿ ਸਿੱਖ ਕੌਮ ਹੀ ਨਹੀਂ ਸਗੋਂ ਗ਼ੈਰ ਸਿੱਖਾਂ 'ਚ ਵੀ ਜਥੇਦਾਰਾਂ ਨੇ ਜਿਥੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ, ਉਥੇ ਕੌਮ 'ਚ ਧੜੇਬੰਦੀ ਪੈਦਾ ਕਰਨ 'ਚ ਵੀ ਕੋਈ ਕਸਰ ਨਹੀਂ ਛੱਡੀ। ਦੁਨੀਆਂ ਭਰ 'ਚ ਆਪਾ ਵਾਰਨ ਤੇ ਸਰਬੰਸਦਾਨ ਕਰਨ 'ਚ ਨਿਵੇਕਲੀ ਮਿਸਾਲ ਬਣੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਵੀ ਜਥੇਦਾਰਾਂ ਨੇ ਪ੍ਰਕਾਸ਼ ਪੁਰਬ ਦੀਆਂ ਤਰੀਕਾਂ ਦੇ ਮਾਮਲੇ 'ਚ ਮਜ਼ਾਕ ਬਣਾ ਕੇ ਰੱਖ ਦਿਤਾ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਗੁਰੂਆਂ ਨਾਲ ਸਬੰਧਤ ਗੁਰਪੁਰਬ ਜਾਂ ਇਤਿਹਾਸਿਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਂਦੇ ਆ ਰਹੇ ਹਨ ਤੇ ਇਸ ਵਾਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਹੀ ਮਨਾਇਆ ਜਾਵੇਗਾ। ਦੇਸ਼ ਵਿਦੇਸ਼ ਦੀਆਂ 80 ਫ਼ੀ ਸਦੀ ਤੋਂ ਜ਼ਿਆਦਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੇ ਜਥੇਦਾਰਾਂ ਦੇ ਹੁਕਮ ਨੂੰ ਅਪ੍ਰਵਾਨ ਕਰਦਿਆਂ ਅਵਤਾਰ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ। ਕਈ ਥਾਂ 25 ਦਸੰਬਰ ਦੇ ਸਮਾਗਮਾਂ ਦਾ ਬਾਈਕਾਟ ਕਰਨ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਸਪੱਸ਼ਟ ਸੰਕੇਤ ਹਨ ਕਿ ਇਸ ਵਾਰ ਫਿਰ ਜਥੇਦਾਰਾਂ ਨੇ ਅਕਾਲ ਤਖ਼ਤ ਦੇ ਰੁਤਬੇ ਨੂੰ ਠੇਸ ਪਹੁੰਚਾਉਣ ਦੀ ਕੋਈ ਕਸਰ ਨਹੀਂ ਛੱਡੀ।
ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਖ਼ਜਾਨਚੀ ਰਮੇਸ਼ ਸਿੰਘ ਅਰੋੜਾ, ਅਕੋਮੋਡੇਸ਼ਨ ਮੈਂਬਰ ਬਿਸ਼ਨ ਸਿੰਘ ਵਲੋਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਐਗਜ਼ੈਕਟਿਵ ਮੈਂਬਰ ਮਨਿੰਦਰ ਸਿੰਘ ਨੇ ਦਸਿਆ ਕਿ 3 ਜਨਵਰੀ ਦਿਨ ਬੁੱਧਵਾਰ ਨੂੰ ਨਨਕਾਣਾ ਸਾਹਿਬ ਦੀ ਸੰਗਤ ਵਲੋਂ ਦਸਮੇਸ਼ ਪਿਤਾ ਦੇ ਅਵਤਾਰ ਦਿਹਾੜੇ ਦੇ ਸਬੰਧ 'ਚ ਅਖੰਠ ਪਾਠ ਆਰੰਭ ਕਰਵਾਏ ਗਏ ਹਨ ਤੇ 3, 4 ਅਤੇ 5 ਜਨਵਰੀ ਨੂੰ ਕਥਾ-ਕੀਰਤਨ ਸਮਾਗਮ ਵੀ ਜਾਰੀ ਰਹਿਣਗੇ ਤੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਜਥੇਦਾਰਾਂ ਦੇ ਫੁਰਮਾਨ ਨੂੰ ਅੰਗੂਠਾ ਵਿਖਾਉਂਦਿਆਂ ਐਲਾਨ ਕੀਤਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਤਿਆਰ ਕਰਵਾਏ ਗਏ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ, ਉਨ੍ਹਾਂ ਹਜ਼ਾਰਾਂ ਦੀ ਗਿਣਤੀ 'ਚ ਖ਼ੁਦ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਸੰਗਤ 'ਚ ਵੰਡੇ ਅਤੇ ਭਵਿੱਖ 'ਚ ਹਰ ਗੁਰਪੁਰਬ ਤੇ ਇਤਿਹਾਸਿਕ ਦਿਹਾੜਿਆਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਤਹਿਤ ਮਨਾਉਣ ਦਾ ਐਲਾਨ ਕੀਤਾ। ਗੁਰਮਤਿ ਸੇਵਾ ਲਹਿਰ ਦੇ ਧਾਰਮਕ ਸਮਾਗਮ ਦੌਰਾਨ ਇਕ ਲੱਖ ਦੇ ਕਰੀਬ ਸੰਗਤ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਸਮਾਗਮ ਕਰਨ ਦਾ ਐਲਾਨ ਕਰਦਿਆਂ ਜਥੇਦਾਰਾਂ ਦੇ ਫੁਰਮਾਨ ਦਾ ਮਜ਼ਾਕ ਉਡਾਇਆ ਤੇ ਗੁਰਮਤਿ ਸੇਵਾ ਲਹਿਰ ਦੇ ਦਰਜਨਾਂ ਪ੍ਰਚਾਰਕਾਂ ਵਲੋਂ ਵੀ ਵੱਡੇ-ਵੱਡੇ ਸਮਾਗਮਾਂ 'ਚ ਬਕਾਇਦਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਮਾਗਮ ਕਰਾਉਣ ਦੀਆਂ ਬੇਨਤੀਆਂ ਨੂੰ ਸੰਗਤ ਭਰਪੂਰ ਹੁੰਗਾਰਾ ਦੇ ਰਹੀ ਹੈ। ਸਥਾਨਕ ਵਾਹਿਗੁਰੂ ਸਿਮਰਨ ਕੇਂਦਰ ਦੇ ਪ੍ਰਚਾਰਕਾਂ ਨੇ 20 ਤੋਂ 28 ਦਸੰਬਰ ਤਕ ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘਾਂ/ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਤ 'ਸਫ਼ਰ-ਏ-ਸ਼ਹਾਦਤ' ਤਹਿਤ ਸਮਾਗਮ ਕਰਵਾਏ ਜਿਸ ਨੂੰ ਸੰਗਤ ਦਾ ਭਰਪੂਰ ਹੁੰਗਾਰਾ ਮਿਲਿਆ, 30 ਦਸੰਬਰ ਤੋਂ 5 ਜਨਵਰੀ ਤਕ ਪ੍ਰਭਾਤ ਫੇਰੀ ਆਰੰਭ, 5 ਜਨਵਰੀ ਨੂੰ ਪ੍ਰਕਾਸ਼ ਪੁਰਬ ਸਮਾਗਮ ਅਤੇ 7 ਜਨਵਰੀ ਨੂੰ ਅੰਮ੍ਰਿਤ ਸੰਚਾਰ ਬਾਰੇ ਦਸਦਿਆਂ ਪ੍ਰਚਾਰਕ ਭਾਈ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਹੁਣ ਸੰਗਤ ਜਾਗਰੂਕ ਹੋ ਰਹੀਆਂ ਹਨ ਤੇ ਸੰਗਤ ਨੂੰ ਜਾਗਰੂਕ ਕਰਨ ਵਿਚ 'ਸਪੋਕਸਮੈਨ' ਦਾ ਵੀ ਬਹੁਤ ਸਹਿਯੋਗ ਹੈ।