
ਕੋਟਕਪੂਰਾ, 9 ਜਨਵਰੀ (ਗੁਰਿੰਦਰ ਸਿੰਘ): ਸਮੇਂ-ਸਮੇਂ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਕਰਨ 'ਚ ਮਾਹਰ ਅਕਾਲੀ ਦਲ ਬਾਦਲ ਨੇ ਇਕ ਵਾਰ ਫਿਰ ਮਾਘੀ ਮੇਲੇ ਦੀ ਕਾਨਫ਼ਰੰਸ ਦੇ ਸਬੰਧ 'ਚ ਵਿਰੋਧੀਆਂ ਨਾਲ ਠਗੀ ਮਾਰਨ ਦੀ ਸਫ਼ਲਤਾਪੂਰਵਕ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਉਕਤ ਕੋਸ਼ਿਸ਼ 'ਚ ਕਾਮਯਾਬ ਵੀ ਹੋ ਗਏ ਹਨ, ਨਾ ਤਾਂ ਉਨ੍ਹਾਂ ਅਕਾਲ ਤਖ਼ਤ ਦੇ ਰੁਤਬੇ ਦੀ ਪ੍ਰਵਾਹ ਕੀਤੀ, ਨਾ ਗਿ. ਗੁਰਬਚਨ ਸਿੰਘ ਸਮੇਤ ਹੋਰਨਾਂ ਜਥੇਦਾਰਾਂ ਨੂੰ ਕੁਸਕਣ ਦਿਤਾ ਤੇ ਨਾ ਹੀ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਪੰਥਦਰਦੀਆਂ ਦੇ ਵਿਰੋਧ ਜਾਂ ਰੋਸ ਤੋਂ ਡਰੇ। ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿ. ਗੁਰਬਚਨ ਸਿੰਘ ਨੇ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੌੜ ਮੇਲੇ 'ਤੇ ਸਿਆਸੀ ਕਾਨਫ਼ਰੰਸਾਂ 'ਤੇ ਰੋਕ ਲਾਉਣ ਦਾ ਫ਼ਤਵਾ ਜਾਰੀ ਕਰ ਦਿਤਾ ਜਿਸ ਦਾ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਸਮੁੱਚੀਆਂ ਰਵਾਇਤੀ ਪਾਰਟੀਆਂ ਨੇ ਸਵਾਗਤ ਕੀਤਾ ਤੇ ਗ਼ੈਰ ਸਿਆਸੀ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਸਮੇਤ ਧਾਰਮਕ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਵੀ ਗਿ. ਗੁਰਬਚਨ ਸਿੰਘ ਦੇ ਉਕਤ ਫ਼ੈਸਲੇ ਦੀ ਪ੍ਰਸ਼ੰਸਾ ਕਰਦਿਆਂ ਉਕਤ ਪਾਬੰਦੀ ਨੂੰ ਸਦੀਵੀ ਬਣਾਉਣ 'ਤੇ ਜ਼ੋਰ ਦਿਤਾ। ਭਾਵੇਂ ਉਸ ਵੇਲੇ ਗਿ. ਗੁਰਬਚਨ ਸਿੰਘ ਨੇ ਜੌੜ ਮੇਲਿਆਂ 'ਤੇ ਕਾਨਫ਼ਰੰਸਾਂ ਕਰਨ 'ਤੇ ਲੱਗੀ ਰੋਕ ਨੂੰ ਸਦੀਵੀ ਕਹਿ ਕੇ ਬਕਾਇਦਾ ਬਿਆਨ ਵੀ ਜਾਰੀ ਕੀਤਾ ਜੋ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਪਰ ਅਚਾਨਕ ਯੂ-ਟਰਨ ਲੈਂਦਿਆਂ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਮਾਘੀ ਦੇ ਮੇਲੇ ਮੌਕੇ ਤਾਂ ਸਿਆਸੀ ਕਾਨਫ਼ਰੰਸਾਂ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਉਥੇ ਤਾਂ ਸਿੰਘਾਂ ਨੇ ਦੁਸ਼ਮਣ ਨਾਲ ਟਾਕਰਾ ਕਰ ਕੇ ਸ਼ਹੀਦੀਆਂ ਪਾਈਆਂ ਜਦਕਿ ਫ਼ਤਿਹਗੜ੍ਹ ਸਾਹਿਬ ਵਿਖੇ ਜੁਲਮ-ਤਸ਼ੱਦਦ ਦੀਆਂ ਸਾਰੀਆਂ ਹੱਦਾਂ ਤੋੜਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ।
ਅਜਿਹੇ ਹਰ ਵਿਵਾਦਤ ਮੁਦਿਆਂ 'ਤੇ ਅਕਸਰ ਅਕਾਲੀ ਦਲ ਬਾਦਲ ਦਾ ਪੱਖ ਪੂਰਨ ਵਾਲੇ ਗਿ. ਗੁਰਬਚਨ ਸਿੰਘ ਦਾ ਉਕਤ ਬਿਆਨ ਉਸ ਵੇਲੇ ਆਇਆ ਜਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਆਮ ਆਦਮੀ ਪਾਰਟੀ ਵਲੋਂ ਮਾਘੀ ਮੇਲੇ ਮੌਕੇ ਕਾਨਫ਼ਰੰਸਾਂ ਨਾ ਕਰਨ ਦਾ ਬਕਾਇਦਾ ਐਲਾਨ ਕੀਤਾ ਜਾ ਚੁੱਕਾ ਸੀ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਉਣ ਦੇ ਸਬੰਧ 'ਚ ਜਥੇਦਾਰਾਂ ਦੇ ਅਜੀਬ ਫ਼ੁਰਮਾਨ ਮੌਕੇ ਛਿੜੇ ਵਿਵਾਦ ਤੋਂ ਬਾਅਦ ਹੁਣ ਮਾਘੀ ਮੇਲੇ ਦੀ ਕਾਨਫ਼ਰੰਸ ਦੇ ਸਬੰਧ 'ਚ ਵਿਵਾਦ ਛਿੜਨਾ ਸੁਭਾਵਕ ਹੈ ਕਿਉਂਕਿ ਜਥੇਦਾਰਾਂ ਦੇ ਉਕਤ ਫ਼ੈਸਲੇ ਨੂੰ ਪੰਥਕ ਵਿਦਵਾਨ, ਸਿੱਖ ਚਿੰਤਕ ਅਤੇ ਪੰਥਦਰਦੀ ਪੱਖਪਾਤੀ ਫ਼ੈਸਲਾ ਦਰਸਾ ਰਹੇ ਹਨ। ਕੁੱਝ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਕਾਲੀ ਕਾਨਫ਼ਰੰਸ 'ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਹੈ। ਪਤਾ ਲੱਗਾ ਹੈ ਕਿ ਮਾਘੀ ਮੇਲੇ ਦੀ ਕਾਨਫ਼ਰੰਸ ਦਾ ਏਜੰਡਾ ਅਕਾਲੀ ਦਲ ਬਾਦਲ ਵਲੋਂ 12 ਜਨਵਰੀ ਨੂੰ ਕੀਤੀ ਜਾ ਰਹੀ ਕੋਰ ਕਮੇਟੀ ਦੀ ਮੀਟਿੰਗ 'ਚ ਤੈਅ ਕੀਤਾ ਜਾਵੇਗਾ ਪਰ ਪਾਰਟੀ ਵਲੋਂ ਮਲੋਟ ਰੋਡ ਮੁਕਤਸਰ ਵਿਖੇ ਕਰੀਬ ਸਾਢੇ 4 ਏਕੜ ਥਾਂ 'ਚ ਕਾਨਫ਼ਰੰਸ ਕਰਨ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ। ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਜਥੇਦਾਰਾਂ ਦੀ ਪੈਂਤੜੇਬਾਜ਼ੀ ਦੀ ਚਰਚਾ ਪਿੰਡਾਂ ਦੀਆਂ ਸੱਥਾਂ ਅਤੇ ਪੰਜਾਬ ਭਰ 'ਚ ਖੁਸ਼ੀ-ਗਮੀ ਦੇ ਪ੍ਰੋਗਰਾਮਾਂ ਮੌਕੇ ਸੁਣਨ ਨੂੰ ਮਿਲ ਰਹੀ ਹੈ। ਇਸ ਸਬੰਧੀ ਗਿ. ਗੁਰਬਚਨ ਸਿੰਘ ਦੇ ਪੀ.ਏ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਰੁੱਝੇ ਹੋਏ ਹਨ ਪਰ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਿਆਸੀ ਕਾਨਫ਼ਰੰਸਾਂ ਦੀ ਪਾਬੰਦੀ ਸਿਰਫ਼ ਫ਼ਤਿਹਗੜ੍ਹ ਸਾਹਿਬ ਤਕ ਸੀਮਤ ਸੀ।