
ਨਵੀਂ
ਦਿੱਲੀ, 16 ਸਤੰਬਰ (ਅਮਨਦੀਪ ਸਿੰਘ): ਗੁਜਰਾਤ ਕਤਲੇਆਮ ਬਾਰੇ 'ਅੰਦਰਲੇ ਭੇਤ' ਪ੍ਰਗਟ
ਕਰਦੀ ਖੋਜੀ ਪੱਤਰਕਾਰ ਰਾਣਾ ਅਯੂਬ ਦੀ ਅੰਗ੍ਰੇਜ਼ੀ ਕਿਤਾਬ 'ਗੁਜਰਾਤ ਫ਼ਾਈਲਜ਼' ਦਾ ਹਿੰਦੀ
ਉਲੱਥਾ 'ਗੁਜਰਾਤ ਫ਼ਾਈਲਜ਼ ਲੀਪਾ ਪੋਤੀ ਕਾ ਪਰਦਾਫਾਸ਼ ' ਨੂੰ ਅੱਜ ਦਿੱਲੀ ਵਿਚ ਪਾਠਕਾਂ ਦੀ
ਕਚਹਿਰੀ ਵਿਚ ਪੇਸ਼ ਕੀਤਾ ਗਿਆ । ਹੁਣ ਤੱਕ ਕਿਤਾਬ ਪੰਜਾਬੀ ਤੇ ਉਰਦੂ ਵਿਚ ਵੀ ਜਾਰੀ ਹੋ
ਚੁਕੀ ਹੈ ।
ਇਥੋਂ ਦੇ ਪ੍ਰੈੱਸ ਕਲੱਬ ਵਿਖੇ ਅੱਜ ਸ਼ਾਮ ਨੂੰ ਭਰਵੀਂ ਤਾਦਾਦ ਵਿਚ ਜੁੜੇ
ਸਮਾਜਕ ਕਾਰਕੁਨਾਂ, ਨੌਜੁਆਨਾਂ ਤੇ ਔਰਤ ਪੱਤਰਕਾਰਾਂ ਦੀ ਹਾਜ਼ਰੀ ਵਿਚ ਪ੍ਰਸਿੱਧ ਪੱਤਰਕਾਰ
ਰਵੀਸ਼ ਕੁਮਾਰ, ਰਾਣਾ ਅਯੂਬ, ਪ੍ਰਸਿੱਧ ਵਕੀਲ ਵਰਿੰਦਰ ਗਰੋਵਰ ਸਣੇ ਸੀਮਾ ਚਿਸ਼ਤੀ, ਪੰਕਜ
ਬਿਸ਼ਟ ਅਤੇ ਅਜੇ ਸਿੰਘ ਨੇ ਸਾਂਝੇ ਤੌਰ 'ਤੇ ਕਿਤਾਬ ਜਾਰੀ ਕਰ ਕੇ, ਭਾਰਤ ਅੰਦਰ ਕਤਲੇਆਮਾਂ
ਦੀ ਸਿਆਸਤ ਨੂੰ ਸਮਝਣ ਲਈ ਕਿਤਾਬ ਨੂੰ ਇਤਿਹਾਸਕ ਖੋਜੀ ਕਿਤਾਬ ਦਸਿਆ ।
ਕਿਤਾਬ ਨਰਿੰਦਰ ਮੋਦੀ ਦੇ ਗੁਜਰਾਤ ਦਾ ਮੁਖ ਮੰਤਰੀ ਹੋਣ ਵੇਲੇ ਹੋਏ ਕਤਲੇਆਮ ਬਾਰੇ ਕਈ ਸਨਸਨੀਖੇਜ ਖੁਲਾਸੇ ਕਰਦੀ ਹੈ।
ਰਵੀਸ਼
ਕੁਮਾਰ ਨੇ ਗੁਜਰਾਤ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਦੀ ਹਕੀਕਤ ਨੂੰ ਸਮਝਣ ਲਈ ਹਿੰਦੀ
ਭਾਸ਼ੀ ਲੋਕਾਂ ਲਈ ਕਿਤਾਬ ਨੂੰ ਅਹਿਮ ਦਸਿਆ ਤੇ ਨਵੰਬਰ 1984 ਕਤਲੇਆਮ ਦਾ ਚੇਤਾ
ਕਰਵਾਉਂਦਿਆਂ ਕਿਹਾ, “ ਅੱਜ ਵੀ ਕੁਝ ਜਜ਼ਬੇ ਨਾਲ ਮੁਜ਼ਾਹਰੇ ਕਰ ਕੇ ਇਨਸਾਫ ਦੀ ਮੰਗ ਲਈ
ਡੱਟੇ ਹੋਏ ਹਨ ।“ ਉਨਾ੍ਹ ਸਵਾਲ ਚੁਕਿਆ ਕਿ ਅਸੀਂ ਸਿਆਸੀ ਲੀਡਰਾਂ ਦੇ ਕਤਲੇਆਮ ਕਰਨ ਦੇ
ਗੁਨਾਹਾਂ ਨੂੰ ਕਿਉਂ ਭੱਲ ਜਾਂਦੇ ਹਾਂ?”
ਖੋਜੀ ਪੱਤਰਕਾਰ ਰਾਣਾ ਅਯੂਬ ਨੇ ਕਿਹਾ,
“ਜੇ 84 ਵਿਚ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਤਾਂ 2002 'ਚ ਗੁਜਰਾਤ 'ਚ ਮੁਸਲਮਾਨਾਂ ਦਾ
ਕਤਲੇਆਮ ਵੀ ਨਹੀਂ ਸੀ ਹੋਣਾ । “
ਉਸ ਸਮੇਂ ਗੁਜਰਾਤ ਦਾ ਮੁਖ ਮੰਤਰੀ ਰਹੇ ਤੇ ਅੱਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਰਾਣਾ ਅਯੂਬ ਨੇ ਕਿਹਾ, “ਜਿਨ੍ਹਾਂ
ਲੋਕਾਂ ਨੇ ਜ਼ਿਆਦਤੀਆਂ (ਕਤਲੇਆਮ) ਕੀਤੀਆਂ ਹਨ, ਉਹ ਅੱਜ ਸਾਡੇ ਹੁਕਮਰਾਨ ਹਨ। ਸ਼ਾਇਦ ਅਸੀਂ
ਮੁਰਦਾ ਹੋ ਚੁਕੇ ਹਾਂ, ਕਿ ਅਜਿਹੇ ਲੋਕ ਸਾਡੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਤੇ ਪਾਰਟੀ
ਪ੍ਰਧਾਨ (ਅਮਿਤ ਸ਼ਾਹ ) ਹਨ।“ ਰਾਣਾ ਨੇ ਕਿਹਾ ਕਿ ਕਿਤਾਬ ਵਿਚ ਕਤਲੇਆਮ ਦੇ ਭੇਦ ਪ੍ਰਗਟ
ਕਰਨ ਲਈ ਮੈਨੂੰ ਭਾਰੀ ਮਾਨਸਕ ਪੀੜ੍ਹਾਂ 'ਚੋਂ ਵੀ ਲੰਘਣਾ ਪਿਆ ਹੈ ਤੇ ਮਨੋਰੋਗ ਦਾ ਇਲਾਜ
ਕਰਵਾਉਣਾ ਪਿਆ । ਵਕੀਲ ਵਰਿੰਦਾ ਗਰੋਵਰ ਨੇ 33 ਸਾਲ ਬਾਅਦ ਵੀ 84 ਕਤਲੇਆਮ ਦੇ ਚਸ਼ਮਦੀਦ
ਗਵਾਹਾਂ ਵਲੋਂ ਇਨਸਾਫ ਲਈ ਲੜੀ ਜਾ ਰਹੀ ਅਦਾਲਤੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ,
“ਜਿਨ੍ਹਾਂ ਵਿਚ ਇਨਸਾਫ ਦਾ ਜਜ਼ਬਾ ਅੱਜੇ ਜਿਊਂਦਾ ਹੈ, ਉਹ ਲੜਾਈ ਲੜ ਰਹੇ ਹਨ।“ ਜ਼ਿਕਰਯੋਗ
ਹੈ ਕਿ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਪਿਛੋਂ ਤਹਿਲਕਾ ਵਿਚ ਕੰਮ ਕਰਦੀ ਪੱਤਰਕਾਰ
ਰਾਣਾ ਅਯੂਬ ਨੇ ਭੇਸ ਵੱਟਾ ਕੇ, ਉਚ ਪੁਲਿਸ ਅਫਸਰਾਂ, ਇਸ਼ਰਤ ਜਹਾਂ ਦੇ ਫਰਜ਼ੀ ਮੁਕਾਬਲੇ ਸਣੇ
ਭਾਜਪਾ ਦੇ ਸਿਖਰਲੇ ਆਗੂਆਂ ਤੇ ਗੁਜਰਾਤ ਦੇ ਕਈ ਮੰਤਰੀਆਂ ਨੀਨਾ ਕੋਡਨਾਨੀ ਆਦਿ ਦੇ ਇਸ
ਕਤਲੇਆਮ ਵਿਚ ਸ਼ਮੂਲੀਅਤ ਦੇ ਭੇੱਦ ਪ੍ਰਗਟ ਕੀਤੇ ਸਨ, ਜਿਨ੍ਹਾਂ ਨੂੰ ਕਿਤਾਬ ਵਿਚ ਸ਼ਾਮਲ
ਕੀਤਾ ਗਿਆ ਹੈ।