
ਪਟਿਆਲਾ, 15 ਸਤੰਬਰ (ਹਰਦੀਪ ਸਿੰਘ) :
ਝਾਰਖੰਡ ਦੀ ਸਰਕਾਰ ਨੇ ਝਾਰਖੰਡ ਵਿਖੇ ਵੀ ਸਿੱਖ ਆਨੰਦ ਮੈਰਿਜ ਐਕਟ ਲਾਗੂ ਕਰ ਦਿਤਾ ਹੈ।
ਝਾਰਖੰਡ ਤੋਂ ਸਪੋਕਸਮੈਨ ਨੂੰ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ
ਝਾਰਖੰਡ ਅਤੇ ਬਿਹਾਰ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਦਸਿਆ ਕਿ ਸਿੱਖਾਂ ਦੇ
ਵਿਵਾਹਿਕ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਲਈ ਲੰਮੇ ਸਮੇਂ ਤੋਂ ਸਿੱਖ ਆਨੰਦ ਮੈਰਿਜ ਐਕਟ
ਲਾਗੂ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਸੰਘਰਸ਼ ਰੰਗ ਲੈ
ਹੀ ਆਇਆ। ਸ. ਗੰਭੀਰ ਨੇ ਕਿਹਾ ਕਿ ਇਤਿਹਾਸਕ ਪਿਛੋਕੜ 'ਚ ਵੇਖਿਆ ਜਾਵੇ ਤਾਂ 1909 ਤੋਂ ਲੈ
ਕੇ 1947 ਤਕ ਭਾਰਤ ਵਿਚ ਸਿੱਖ ਆਨੰਦ ਮੈਰਿਜ ਲਾਗੂ ਸੀ ਪਰ ਇਕ ਸਾਜ਼ਸ਼ ਤਹਿਤ 1947 ਵਿਚ
ਭਾਰਤ ਦਾ ਸੰਵਿਧਾਨ ਬਣਨ ਦੌਰਾਨ ਸਿੱਖ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਵਿਚ ਸ਼ਾਮਲ ਕਰ
ਦਿਤਾ ਗਿਆ।
ਸਿੱਖ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦਾ ਐਲਾਨ ਤਤਕਾਲੀਨ ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ ਨੇ ਸਾਲ 2014 ਵਿਚ ਕੀਤੀ ਸੀ, ਇਸ ਐਕਟ ਨੂੰ ਵੱਖ-ਵੱਖ ਰਾਜ
ਸਰਕਾਰਾਂ ਵਲੋਂ ਅਪਣੇ-ਅਪਣੇ ਰਾਜ ਵਿਚ ਲਾਗੂ ਕੀਤਾ ਜਾਣਾ ਸੀ। ਸ. ਗੰਭੀਰ ਨੇ ਦਸਿਆ ਕਿ
ਝਾਰਖੰਡ ਸੂਬੇ ਵਿਚ ਸਿੱਖ ਆਨੰਦ ਮੈਰਿਜ ਐਕਟ ਲਾਗੂ ਹੋਣਾ ਸਿੱਖਾਂ ਦੇ ਲਈ ਖ਼ੁਸ਼ੀ ਦੀ ਖ਼ਬਰ
ਹੈ। ਪਤਾ ਹੋਵੇ ਕਿ ਫ਼ੈਡਰੇਸ਼ਨ ਨੇ ਸਿੱਖ ਆਨੰਦ ਮੈਰਿਜ ਐਕਟ ਨੂੰ ਲੈ ਕੇ ਲੰਮਾ ਸੰਘਰਸ਼ ਕੀਤਾ
ਹੈ।