
ਕੀਰਤਪੁਰ ਸਾਹਿਬ, 25 ਜਨਵਰੀ (ਸੁਖਚੈਨ ਸਿੰਘ ਰਾਣਾ): ਪਿਛਲੇ ਦਿਨੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਇਕ ਚੜ੍ਹਾਵੇ ਦੇ ਕੀਮਤੀ ਕੰਬਲ ਨੂੰ ਖ਼ੁਰਦ ਬੁਰਦ ਕਰਨ ਦਾ ਮਾਮਲਾ ਹਾਲੇ ਤਕ ਅੱਧ ਵਿਚਕਾਰ ਲਟਕਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਕਾਂਡ ਦਾ ਮੁੱਖ ਧੁਰਾ ਗੁਰਦੁਆਰੇ ਦਾ ਰੀਕਾਰਡ ਕੀਪਰ ਅਪਣੀ ਪਹੁੰਚ ਲਗਾ ਕੇ ਇਸ ਵਿਚੋਂ ਬਚ ਨਿਕਲਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜਦ ਇਹ ਘਟਨਾ ਵਾਪਰੀ ਸੀ, ਉਸ ਸਮੇਂ ਅੰਮ੍ਰਿਤਸਰ ਤੋਂ ਆਏ ਉੱਡਣ ਦਸਤੇ ਕੋਲ ਇਥੋਂ ਦੇ ਸਟਾਫ਼ ਵਲੋਂ ਆਪੋ ਅਪਣੇ ਬਿਆਨ ਕਲਮਬੱਧ ਕਰਵਾ ਦਿਤੇ ਸਨ ਪਰ ਉਕਤ ਰੀਕਾਰਡ ਕੀਪਰ ਦੇ ਛੁੱਟੀ ਲੈ ਕੇ ਚਲੇ ਜਾਣ ਕਰ ਕੇ ਉਸ ਦੇ ਬਿਆਨ ਕਲਮਬੱਧ ਨਹੀਂ ਹੋਏ ਸਨ। ਰੀਕਾਰਡ ਕੀਪਰ ਨੂੰ ਉਕਤ ਉੱਡਣ ਦਸਤੇ ਵਲੋਂ ਬੀਤੇ ਦਿਨੀ ਪਟਿਆਲਾ ਦੇ ਇਕ ਗੁਰਦੁਆਰੇ ਵਿਖੇ ਅਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਸੀ ਜਿਥੇ ਇਹ ਅਪਣੀ ਪਤਨੀ ਨਾਲ ਪਹੁੰਚਿਆ। ਇਸ ਦੌਰਾਨ ਉੱਡਣ ਦਸਤੇ ਵਲੋਂ ਇਸ ਨੂੰ ਉਸ ਦਿਨ ਦੀਆਂ ਵੀਡੀਉ ਅਤੇ ਆਡੀਉ ਰਿਕਾਰਡਿੰਗ ਸੁਣਾਈਆਂ ਜਿਸ ਤੋਂ ਬਾਅਦ ਇਸ ਨੇ ਅਪਣਾ ਸਾਰਾ ਅਪਰਾਧ ਕਬੂਲ ਕਰਦਿਆਂ ਬਿਆਨ ਦਰਜ ਕਰਵਾ ਦਿਤੇ। ਜਦ ਇਸ ਦੇ ਬਿਆਨ ਮੁਕੰਮਲ ਹੋਏ ਤਾਂ ਇਸ ਨੇ ਅਚਾਨਕ ਉੱਡਣ ਦਸਤੇ ਦੇ ਮੁਲਾਜ਼ਮਾਂ ਕੋਲੋਂ ਬਿਆਨ ਵਾਲਾ ਕਾਗਜ਼ ਖੋਹ ਕੇ ਪਾੜ ਦਿਤਾ ਅਤੇ ਉਥੋਂ ਦੋੜ ਗਿਆ।
ਇਸ ਤੋਂ ਬਾਅਦ ਇਹ ਅਤੇ ਇਸ ਦੀ ਪਤਨੀ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਇਸਤਰੀ ਅਕਾਲੀ ਆਗੂ ਨੂੰ ਅਪਣੇ ਨਾਲ ਲੈ ਕੇ ਮੌਕੇ ਦੇ ਮੁੱਖ ਗਵਾਹ ਕੋਲ ਗਏ ਅਤੇ ਉਸ ਨੂੰ ਬਿਆਨ ਬਦਲਣ ਲਈ ਡਰਾਇਆ। ਪਤਾ ਲੱਗਾ ਹੈ ਕਿ ਸਬੰਧਤ ਗਵਾਹ ਨੇ ਇਸ ਦੀ ਸੂਚਨਾ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਦਿਤੀ ਸੀ। ਜਦੋਂ ਇਨ੍ਹਾਂ ਦਾ ਇਥੇ ਵੀ ਵੱਸ ਨਹੀਂ ਚਲਿਆ ਤਾਂ ਇਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਵਿਚ ਚੰਗੀ ਪਕੜ ਰੱਖਣ ਵਾਲੇ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਮਦਦ ਲੈਂਦਿਆਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਰੀਕਾਰਡ ਕੀਪਰ ਨੇ ਅੱਜ ਅੰਮ੍ਰਿਤਸਰ ਵਿਖੇ ਦੁਬਾਰਾ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾ ਦਿਤੇ ਹਨ ਜਿਥੇ ਇਸ ਨੂੰ ਕਾਰਵਾਈ ਤੋਂ ਬਚਾਉਣ ਲਈ ਇਕ ਵਖਰੇ ਕਿਸਮ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਸਬੰਧੀ ਉੱਡਣ ਦਸਤੇ ਦੇ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਉਕਤ ਰੀਕਾਰਡ ਕੀਪਰ ਦਾ ਉਸ ਦਿਨ ਬੀ.ਪੀ ਵੱਧ ਗਿਆ ਸੀ ਜਿਸ ਕਰ ਕੇ ਉਸ ਨੇ ਬਿਆਨ ਵਾਲਾ ਕਾਗਜ਼ ਪਾੜ ਦਿਤਾ ਸੀ। ਅੱਜ ਫਿਰ ਉਸ ਨੇ ਅਪਣੇ ਬਿਆਨ ਦਰਜ ਕਰਵਾ ਦਿਤੇ ਹਨ ਜਿਸ ਵਿਚ ਉਸ ਨੇ ਮੰਨਿਆ ਕਿ ਉਸ ਨੇ ਉਹ ਕੀਮਤੀ ਕੰਬਲ ਅਪਣੇ ਲਈ ਰਖਵਾਇਆ ਸੀ ਪਰ ਬਾਅਦ ਵਿਚ ਮਨ ਬਦਲੀ ਹੋਣ ਕਰ ਕੇ ਉਸ ਨੇ ਉਹ ਕੰਬਲ ਨਹੀਂ ਲਿਆ।