
ਅੰਮ੍ਰਿਤਸਰ, 6 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਸੰਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਜੋ ਭਾਰਤ ਦੇ 5 ਰੋਜ਼ਾ ਦੌਰੇ ਸਮੇਂ ਗੁਰੂ ਘਰ ਪੁੱਜ ਰਹੇ ਹਨ। ਇਸ ਸੰਬੰਧੀ ਨਵੀ ਦਿੱਲੀ ਸਥਿਤ ਕੈਨੇਡਾ ਦੇ ਸਫਰਾਤਖਾਨੇ ਦੀ ਉਚ ਪੱਧਰੀ ਟੀਮ ਜੈਪ ਜੁਸਕੋ ਦੀ ਅਗਵਾਈ ਹੇਠ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਜਿੰਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਉਨ੍ਹਾਂ ਦੇ ਦੌਰੇ ਨੂੰ ਅਤਿ ਗੁਪਤ ਰੱਖਿਆ ਗਿਆ ਤਾਂ ਜੋ ਮੀਡੀਆ ਦੀ ਭਿਣਕ ਨਾ ਪੈ ਸਕੇ। ਇਹ ਟੀਮ ਸ੍ਰੀ ਗੁਰੂ ਰਾਮਦਾਸ ਲੰਗਰ ਘਰ, ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਰਮਾ 'ਚ ਵੱਖ ਵੱਖ ਪੁਆਇੰਟਾਂ ਤੇ ਗਏ ਜਿੱਥੇ ਉਨ੍ਹਾਂ ਸੁਰੱਖਿਆ ਪ੍ਰਬੰਧ ਕਰਨ ਲਈ ਆਪਸ ਵਿਚ ਸਲਾਹ ਮਸ਼ਵਰਾਂ ਕੀਤਾ। ਲੰਗਰ ਘਰ ਵਿਖੇ ਇਸ ਟੀਮ ਨੇ ਪ੍ਰਸ਼ਾਦੇ ਪੱਕਦੇ ਵੇਖੇ ਅਤੇ ਖੁਦ ਲੋਹ ਤੇ ਬੈਠ ਕੇ ਆਪ ਵੀ ਫੁਲਕੇ ਬਣਾਉਣ ਦੀ ਸੇਵਾ ਕੀਤੀ। ਇਹ ਟੀਮ ਲੰਬਾ ਸਮਾਂ ਸ੍ਰੀ ਹਰਿਮੰਦਰ ਸਾਹਿਬ ਰਹੀ ਅਤੇ ਆਉਦੀ ਸੰਗਤ ਨੂੰ ਅਤੇ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਕੀਤੇ ਜਾ ਸਕਣ ਵਾਲੇ ਸੁਰੱਖਿਆ ਪ੍ਰਬੰਧਾਂ ਤੇ ਖਾਸ ਨਜ਼ਰ ਕੇਂਦਰਿਤ ਕੀਤੀ।
ਕੈਨੇਡਾ ਦੀ ਉਕਤ ਟੀਮ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਆਪਸੀ ਸਲਾਹ ਮਸ਼ਵਰੇ ਦੌਰਾਨ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਦੁਬਾਰਾ ਜਾਇਜ਼ਾ ਲਿਆ ਅਤੇ ਵੱਖ ਵੱਖ ਹਿਦਾਇਤਾਂ ਇਸ ਸੰਬੰਧੀ ਦਿੱਤੀਆਂ ਤਾਂ ਜੋ ਜਸਟਿਨ ਟਰੂਡੋਂ ਦੀ ਫੇਰੀ ਸੁੱਖ ਸ਼ਾਂਤੀ ਨਾਲ ਨੇਪਰੇ ਚੜ ਸਕੇ। ਇਹ ਟੀਮ ਜਲਿਆ ਵਾਲੇ ਬਾਗ ਵੀ ਗਈ, ਜਿਥੇ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਅੰਗਰੇਜ਼ ਸਾਮਰਾਜ ਦੌਰਾਨ ਜਰਨਲ ਡਾਇਰ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕੀਤੇ ਭਾਰਤੀਆਂ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਜਾਣਗੇ। ਉਪਰੰਤ ਉਕਤ ਟੀਮ ਨੇ ਵਾਰ ਮੈਮੋਰੀਅਲ, ਸਾਡਾ ਪਿੰਡ ਦਾ ਮੁਆਇੰਨਾ ਕਰਨ ਬਾਅਦ, ਰਾਜਾਸਾਂਸੀ ਹਵਾਈ ਅੱਡੇ ਰਸਤੇ ਨਵੀ ਦਿੱਲੀ ਲਈ ਵਾਪਸ ਰਵਾਨਾ ਹੋ ਗਈ। ਜਸਟਿਨ ਟਰੂਡੋਂ 20 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਦੌਰਾ 17 ਤਂੋਂ 25 ਫਰਵਰੀ ਤੱਕ ਭਾਰਤ ਆਉਣ ਦਾ ਹੈ।