
ਕੋਟਕਪੂਰਾ, 14 ਅਕਤੂਬਰ (ਗੁਰਿੰਦਰ ਸਿੰਘ): ਰਾਸ਼ਟਰੀ ਰਾਜ ਮਾਰਗ ਨੰ. 15 'ਤੇ ਸਥਿਤ ਸਥਾਨਕ ਬੱਤੀਆਂ ਵਾਲੇ ਚੌਕ 'ਚ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਲਗਾਤਾਰ 4 ਘੰਟੇ ਦਿੱਤੇ ਗਏ ਰੋਸ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਸਿਆ ਕਿ 27 ਅਕਤੂਬਰ ਨੂੰ ਕੈਪਟਨ ਸਰਕਾਰ ਵਲੋਂ ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ 'ਤੇ ਢਾਹੇ ਗਏ ਪੁਲਸੀਆ ਅਤਿਆਚਾਰ ਦੇ ਸਬੰਧ 'ਚ ਗੱਲਬਾਤ ਕਰਨ ਲਈ ਸੱਦਾ ਆਇਆ ਹੈ।
ਉਨ੍ਹਾਂ ਦਸਿਆ ਕਿ 21 ਮੈਂਬਰੀ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਾਰੇ ਹਲਾਤ ਤੋਂ ਜਾਣੂ ਕਰਵਾਏਗਾ। ਜੇ ਫਿਰ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਤੇਜ਼ ਕਰਨ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ।
ਭਾਈ ਧਿਆਨ ਸਿੰਘ ਮੰਡ,ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ 'ਤੇ ਅਤਿਆਚਾਰ ਕੀਤਾ ਗਿਆ, ਦੋ ਸਿੱਖ ਨੌਜਵਾਨ ਸ਼ਹੀਦ ਕਰ ਦਿਤੇ ਗਏ, ਕਈ ਜ਼ਖ਼ਮੀ ਹੋਏ, ਆਪੋ-ਅਪਣੇ ਘਰਾਂ ਨੂੰ ਪਰਤ ਰਹੀ ਸੰਗਤ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁਟਿਆ ਗਿਆ ਪਰ ਅੱਜ ਦੋ ਸਾਲ ਦਾ ਸਮਾਂ ਬੀਤਣ ਉਪ੍ਰੰਤ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਤੀਆਂ ਗਈਆਂ। ਰੋਸ ਧਰਨੇ ਦੌਰਾਨ ਭਾਰੀ ਗਿਣਤੀ 'ਚ ਸੰਗਤ ਨੇ ਰੋਸ ਵਜੋਂ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਤੇ ਕਾਲੀਆਂ ਝੰਡੀਆਂ ਸਮੇਤ ਉਨ੍ਹਾਂ ਦੇ ਹੱਥਾਂ 'ਚ ਇਨਸਾਫ਼ ਮੰਗਣ ਵਾਲੀ ਸ਼ਬਦਾਵਲੀ ਵਾਲੀਆਂ ਤਖ਼ਤੀਆਂ ਵੀ ਸਨ। ਸ਼ਾਂਤਮਈ ਰੋਸ ਧਰਨੇ ਦੌਰਾਨ ਆਵਾਜਾਈ ਨਹੀਂ ਰੋਕੀ ਗਈ ਤੇ ਕਿਸੇ ਵਿਰੁਧ ਗ਼ਲਤ ਸ਼ਬਦਾਵਲੀ ਵਾਲੇ ਇਤਰਾਜ਼ਯੋਗ ਨਾਹਰੇ ਤੋਂ ਵੀ ਸੰਕੋਚ ਕੀਤਾ ਗਿਆ ਪਰ ਫਿਰ ਵੀ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।