
ਅੰਮ੍ਰਿਤਸਰ,
30 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ
ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ
ਸੁੱਚਾ ਸਿੰਘ ਲੰਗਾਹ ਵਿਰੁਧ ਅਪਣੀ ਹੀ ਬੇਟੀ ਦੀ ਇਕ ਸਹੇਲੀ ਨਾਲ ਬਲਾਤਕਾਰ ਦੇ ਕੇਸ ਵਿਚ
ਮੁਕੱਦਮਾ ਦਰਜ ਹੋਣਾ ਸਾਬਤ ਕਰਦਾ ਹੈ ਕਿ ਬਾਦਲ ਦਲ ਤੇ ਸੌਦਾ ਸਾਧ ਵਿਚ ਕੋਈ ਫ਼ਰਕ ਨਹੀਂ
ਹੈ। ਲੰਗਾਹ ਦੇ ਕਾਰਨਾਮੇ ਨੇ ਸਾਬਤ ਕਰ ਦਿਤਾ ਹੈ ਕਿ ਅਕਾਲੀ ਦਲ ਬਾਦਲ ਵਿਚ ਸੱਭ ਚੰਗਾ
ਨਹੀਂ ਹੈ ਤੇ ਪਹਿਲਾਂ ਵੀ ਕਈ ਆਗੂ ਅਜਿਹੇ ਘਿਨਾਉਣੇ ਕਾਰਨਾਮਿਆਂ ਵਿਚ ਸ਼ਾਮਲ ਰਹੇ ਹਨ।
ਅਕਾਲੀ ਦਲ ਬਾਦਲ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਲੰਗਾਹ ਦਾ ਅਸਤੀਫ਼ਾ ਹੀ
ਪ੍ਰਵਾਨ ਨਾ ਕਰੇ ਸਗੋ ਉਸ ਨੂੰ ਪਾਰਟੀ ਵਿਚੋਂ ਕੱਢ ਕੇ ਸਿੱਖ ਕੌਮ ਵਿਚ ਵਿਸ਼ਵਾਸ਼ ਰਖਣ
ਵਾਲਿਆਂ ਦੇ ਵਿਸ਼ਵਾਸ਼ ਨੂੰ ਹੋਰ ਪਕੇਰਾ ਕਰਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਕੈਪਟਨ ਸਰਕਾਰ
ਤੋਂ ਮੰਗ ਕਰਦਾ ਹੈ ਕਿ ਲੰਗਾਹ ਨਾਲ ਕਿਸੇ ਕਿਸਮ ਵੀ ਪ੍ਰਕਾਰ ਦੀ ਢਿੱਲ ਨਾ ਵਰਤੀ ਜਾਵੇ ਤੇ
ਪੀੜਤਾਂ ਨੂੰ ਇਨਸਾਫ਼ ਦੇਣ ਲਈ ਤੁਰਤ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਦੇਣ ਤਾਕਿ ਦੋਸ਼ੀ ਜੇਲਾਂ
ਦੀ ਸੀਖਾਂ ਪਿੱਛੇ ਜਾ ਸਕੇ।