ਅੰਮ੍ਰਿਤਸਰ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਕਿਹਾ ਕਿ ਸਮਾਜਕ ਰਸਮਾਂ ਸਾਦੇ ਢੰਗ ਨਾਲ ਨਿਭਾਈਆਂ ਜਾਣ ਅਤੇ ਦੇਖਾ-ਦੇਖੀ ਕਰਜ਼ੇ ਚੁੱਕ ਕੇ ਕੀਤੀ ਜਾ ਰਹੀ ਫ਼ਜ਼ੂਲਖ਼ਰਚੀ ਬੰਦ ਕੀਤੀ ਜਾਵੇ। ਅਜਿਹਾ ਹੋਣ ਨਾਲ ਫ਼ਜ਼ੂਲਖ਼ਰਚੀ ਘਟੇਗੀ ਅਤੇ ਮੌਜੂਦਾ ਸਮੇਂ ਵਿਚ ਹੋ ਰਹੀਆਂ ਕਿਸਾਨ ਖ਼ੁਦਕੁਸ਼ੀਆਂ ਨੂੰ ਵੀ ਠੱਲ੍ਹ ਪੈ ਸਕੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿ. ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਨੇ ਵੀ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੰਦੀਛੋੜ ਦਿਵਸ ਦੀ ਮੁਬਾਰਕਬਾਦ ਦਿਤੀ।
ਗਿ ਗੁਰਬਚਨ ਸਿੰਘ ਨੇ ਕੌਮ ਨੂੰ ਨਸ਼ਿਆਂ, ਪਤਿਤਪੁਣੇ ਅਤੇ ਸਮਾਜਕ ਕੁਰੀਤੀਆਂ ਵਿਰੁਧ ਸੰਘਰਸ਼ ਵਿਢਣ ਦਾ ਵੀ ਸੱਦਾ ਦਿਤਾ। ਅਕਾਲ ਤਖ਼ਤ ਵਲੋਂ ਦਿਤੇ ਸੰਦੇਸ਼/ਆਦੇਸ਼ ਦੇ ਬਾਵਜੂਵ ਪਿਛਲੇ ਸਮੇਂ ਵੱਖ-ਵੱਖ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਰੁਕਣ ਦਾ ਨਾਂਅ ਨਹੀਂ ਲੈ ਰਹੀ।

ਇਸ ਮੰਦਭਾਗੇ ਚੱਲਣ ਨੂੰ ਰੋਕਣ ਲਈ ਗੁਰਦਵਾਰਾ ਕਮੇਟੀਆਂ ਸੁਚੇਤ ਹੋਣ ਅਤੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਗੁਰੂ-ਘਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਬੇਅਦਬੀ ਘਟਨਾਵਾਂ ਅਤੇ ਬਹਿਬਲ ਕਲਾਂ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਤੁਰਤ ਗ੍ਰਿਫ਼ਤਾਰ ਕਰੇ। ਜਥੇਦਾਰ ਮੁਤਾਬਕ ਪੰਚਾਇਤਾਂ ਅਪਣੇ ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪੰਜਾਬ ਦੇ ਸਬੰਧਤ ਵਿਭਾਗ ਨੂੰ ਭੇਜਣ ਅਤੇ ਇਹ ਮਤੇ ਪਾਸ ਕਰਵਾਉਣ ਲਈ ਸਿੱਖ ਸੰਗਤ ਅਤੇ ਖ਼ਾਸਕਰ ਬੀਬੀਆਂ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੇਕਸੂਰ ਸਿੱਖ ਕੈਦੀਆਂ ਨੂੰ ਤੁਰਤ ਰਿਹਾ ਕਰੇ। ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਬੇਲੋੜੇ ਮੁਦਿਆਂ ਤੇ ਆਪਸੀ ਟਕਰਾਅ ਤੇ ਭਰਾ-ਮਾਰੂ ਜੰਗ ਨੂੰ ਛੱਡ ਕੇ ਪੰਥਕ ਏਕਤਾ ਨਾਲ ਅਪਣੀ ਸ਼ਕਤੀ ਦਾ ਰੁਖ ਪੰਥਕ ਦੁਸ਼ਮਣਾਂ ਵਲ ਕਰਨ ਦਾ ਵੀ ਸੱਦਾ ਦਿਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਕ, ਸਮਾਜਕ, ਰਾਜਨੀਤਕ, ਆਰਥਕ ਅਤੇ ਵਿਗਿਆਨਕ ਕ੍ਰਾਂਤੀ ਦਾ ਮੁੱਢ ਬੰਨਣ ਵਾਲੇ ਗੁਰੂਆਂ ਵਲੋਂ ਦਰਸਾਏ ਮਾਰਗ ਨੂੰ ਅਪਣਾਉਣਾ ਅੱਜ ਦੀ ਵੱਡੀ ਲੋੜ ਹੈ।
end-of