'ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ'
Published : Jan 9, 2018, 11:30 pm IST
Updated : Jan 9, 2018, 6:00 pm IST
SHARE ARTICLE

ਗੁਰੂ ਸਾਹਿਬ ਜੀ ਨੇ ਇਸ ਢਾਬ ਨੂੰ 'ਮੁਕਤੀ ਦਾ ਸਰ' ਹੋਣ ਦਾ ਵਰਦਾਨ ਦਿਤਾ। ਅੱਜ ਇਹ ਸਥਾਨ ਸੰਸਾਰ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਾਉਂਦਾ ਹੈ। ਸਾਨੂੰ ਵੀ ਅਪਣਾ ਤਨ, ਮਨ ਅਤੇ ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਸ਼ਹੀਦੀ ਪਰੰਪਰਾ ਦਾ ਮੁੱਢ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਿਤ ਹੈ। ਸਿੱਖ ਇਤਿਹਾਸ ਸ਼ਹੀਦਾਂ ਦੀ ਉਹ ਦਾਸਤਾਨ ਹੈ ਜਿਸ ਦੀ ਮਿਸਾਲ ਪੂਰੀ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਮਿਲਦੀ। ਸ਼ਹੀਦ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਭਾਈ ਗੁਰਦਾਸ ਜੀ ਅਨੁਸਾਰ ਸ਼ਹੀਦ ਉਹ ਹੈ ਜੋ ਭਰਮ ਭਾਉ ਗਵਾ ਕੇ ਸਿਦਕ ਦਾ ਧਾਰਨੀ ਬਣਦਾ ਹੈ।
'ਸਾਬਰੁ ਸਿਦਕਿ
ਸ਼ਹੀਦ ਭਰਮ ਭਉ ਵੋਖਣਾ।'
'ਮੁਕਤਾ' ਸ਼ਬਦ ਸਿੱਖ ਇਤਿਹਾਸ ਵਿਚ ਇਕ ਸੰਦਰਭ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਹ ਸੰਕਲਪ ਸਿੱਖ ਧਰਮ ਦੇ ਮਹਾਨ ਅਤੇ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ 'ਖਿਦਰਾਣੇ ਦੀ ਢਾਬ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੋਣ ਕਾਰਨ ਇਸ ਢਾਬ ਦੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਅਤੇ ਖੁਸ਼ਕ ਝਾੜੀਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ, ਇਹ ਵੀ ਇਤਿਹਾਸ ਦੀ ਇਕ ਲਾਸਾਨੀ ਅਤੇ ਬੇਮਿਸਾਲ ਦਾਸਤਾਨ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ, ਸੱਚ ਤੇ ਧਰਮ ਦੀ ਖ਼ਾਤਰ ਕਈ ਜੰਗਾਂ ਲੜੀਆਂ ਅਤੇ ਹਰ ਵਾਰ ਚੜ੍ਹਦੀ ਕਲਾ ਤੇ ਬਹਾਦਰੀ ਨਾਲ ਵੈਰੀਆਂ ਦਾ ਟਾਕਰਾ ਕੀਤਾ। ਪਹਾੜੀ ਰਾਜਿਆਂ ਨੂੰ ਹਰ ਯੁੱਧ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਆਖ਼ਰ ਨਿਰਾਸ਼ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਔਰੰਗਜ਼ੇਬ ਬਾਦਸ਼ਾਹ ਅੱਗੇ ਫ਼ਰਿਆਦ ਕੀਤੀ ਜਿਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫ਼ੁਰਮਾਨ ਜਾਰੀ ਕਰ ਦਿਤੇ। ਲਾਹੌਰ ਅਤੇ ਸਰਹਿੰਦ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਜੀ ਦੇ ਸੂਰਬੀਰ ਤੇ ਬਹਾਦਰ ਯੋਧਿਆਂ ਨੇ ਕਈ ਮਹੀਨੇ ਇਨ੍ਹਾਂ ਦਾ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪੇਮਾਰ ਹਮਲਿਆਂ ਨਾਲ ਦੁਸ਼ਮਣਾਂ ਦੇ ਹੌਸਲੇ ਖ਼ਤਮ ਹੋ ਚੁੱਕੇ ਸਨ। ਇਧਰ ਸਿੰਘਾਂ ਕੋਲ ਰਾਸ਼ਨ ਪਾਣੀ ਵੀ ਮੁਕਦਾ ਜਾ ਰਿਹਾ ਸੀ ਅਤੇ ਸਿੰਘਾਂ ਦੇ ਛਾਪਾਮਾਰ ਹਮਲਿਆਂ ਨਾਲ ਸਿੰਘਾਂ ਦੀ ਗਿਣਤੀ ਵੀ ਘੱਟ ਰਹੀ ਸੀ। ਕੁੱਝ ਕੁ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਕਿਲ੍ਹਾ ਛੱਡ ਕੇ ਜਾਣ ਦੀ ਸਲਾਹ ਵੀ ਦਿਤੀ ਪਰ ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਕੁੱਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਵੀ ਕਈ ਸਿੰਘ ਡੋਲ ਗਏ। ਉਨ੍ਹਾਂ ਗੁਰੂ ਜੀ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਅਤੇ ਬੇਦਾਵਾ ਦੇ ਕੇ ਅਪਣੇ ਘਰਾਂ ਨੂੰ ਚਲੇ ਗਏ। ਕੁੱਝ ਦਿਨਾਂ ਮਗਰੋਂ ਕਿਲ੍ਹੇ ਅੰਦਰ ਰਹਿੰਦੇ ਸਿੰਘਾਂ ਦੇ ਜ਼ੋਰ ਦੇਣ ਤੇ, ਨਾਲੇ ਦੁਸ਼ਮਣਾਂ ਵਲੋਂ ਖਾਧੀਆਂ ਕਸਮਾਂ ਕਰ ਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਤਾ। ਕਿਲ੍ਹਾ ਖ਼ਾਲੀ ਕਰਦਿਆਂ ਹੀ ਦੁਸ਼ਮਣ ਫ਼ੌਜਾਂ ਨੇ ਸੱਭ ਕਸਮਾਂ ਇਕਰਾਰ ਭੁਲਾ ਕੇ ਪਿਛੋਂ ਹਮਲਾ ਕਰ ਦਿਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪ੍ਰਵਾਰ ਵਿਛੜ ਗਿਆ। ਸਾਰਾ ਸਾਹਿਤ ਵੀ ਨਦੀ ਵਿਚ ਡੁੱਬ ਗਿਆ।ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਪਹੁੰਚੇ ਜਿਥੇ ਸੰਸਾਰ ਦਾ ਅਨੋਖਾ ਅਤੇ ਅਸਾਵਾਂ ਯੁੱਧ ਲੜਿਆ ਗਿਆ। ਇਥੋਂ ਹੀ ਆਪ ਦੁਸ਼ਮਣ ਫ਼ੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵਲ ਚਲੇ ਗਏ। ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀਆਂ ਫ਼ੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਰਸਤੇ ਵਿਚੋਂ ਗੁਰੂ ਜੀ ਦੇ ਕਾਫ਼ਲੇ ਵਿਚ ਵੀ ਕਾਫ਼ੀ ਸਿੰਘ ਸ਼ਾਮਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋਂ ਹੁੰਦੇ ਹੋਏ ਕੋਟਕਪੂਰੇ ਪਹੁੰਚੇ। ਕਪੂਰੇ ਨੇ ਮੁਗ਼ਲਾਂ ਤੋਂ ਡਰਦਿਆਂ ਕਿਲ੍ਹਾ ਤਾਂ ਨਾ ਦਿਤਾ ਪਰ ਉਸ ਨੇ ਗੁਰੂ ਜੀ ਨੂੰ ਸੰਘਣੀਆਂ ਝਾੜੀਆਂ ਵਾਲੇ ਰੇਤਲੇ ਇਲਾਕੇ 'ਖਿਦਰਾਣੇ ਦੀ ਢਾਬ' ਵਲ ਜਾਣ ਦੀ ਸਲਾਹ ਦਿਤੀ। ਉਧਰ ਬੇਦਾਵੀਏ ਸਿੰਘ ਜਦੋਂ ਅਪਣੇ ਘਰ ਪਹੁੰਚੇ ਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਸੁਪਤਨੀਆਂ ਨੇ ਉਨ੍ਹਾਂ ਨੂੰ ਅਜਿਹੇ ਸਮੇਂ ਗੁਰੂ ਸਾਹਿਬ ਨੂੰ ਪਿੱਠ ਦੇ ਕੇ ਆਉਣ ਅਤੇ ਫ਼ਿਟਕਾਰਾਂ ਪਾਈਆਂ ਅਤੇ ਮੁੜ ਚਰਨੀਂ ਲੱਗਣ ਦੀ ਸਲਾਹ ਦਿਤੀ। ਸਿੰਘਣੀਆਂ ਦਾ ਰੋਹ ਜਾਗਿਆ ਵੇਖ ਕੇ ਬੇਦਾਵੀਏ ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿਚ ਸ਼ਹੀਦ ਹੋਣ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਚਮਕੌਰ ਸਾਹਿਬ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਵੀ ਮਿਲਦੇ ਗਏ। ਫਿਰ ਇਨ੍ਹਾਂ ਸਿੰਘਾਂ ਦਾ ਖ਼ੂਨ ਹੋਰ ਵੀ ਖ਼ੌਲ ਉਠਿਆ ਅਤੇ ਸਿੰਘ ਪੁਛਦੇ-ਪੁਛਦੇ ਤੇ ਭਾਲ ਕਰਦੇ ਹੋਏ ਖਿਦਰਾਣੇ ਦੀ ਢਾਬ ਪਾਸ ਪੁੱਜੇ ਤਾਂ ਮੁਗ਼ਲ ਫ਼ੌਜਾਂ ਦੇ ਖਿਦਰਾਣੇ ਪਹੁੰਚਣ ਤੋਂ ਪਹਿਲਾਂ ਹੀ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ, ਮੁਗ਼ਲਾਂ ਦੀ ਟੱਕਰ ਸੱਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ। ਘਮਸਾਨ ਦਾ ਯੁੱਧ ਹੋਇਆ। ਉਧਰ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਜੀ ਨੇ ਸੈਂਕੜੇ ਮੁਗ਼ਲ ਫ਼ੌਜੀ ਮਾਰ ਮੁਕਾਏ।
ਦਸਮ ਪਿਤਾ ਜੀ ਇਕ ਉੱਚੀ ਟਿੱਬੀ ਤੇ ਖੜੇ ਸਿੰਘਾਂ ਦੀ ਬਹਾਦਰੀ ਨੂੰ ਵੇਖ ਰਹੇ ਸਨ ਅਤੇ ਅਪਣੀ ਕਮਾਨ ਵਿਚੋਂ ਅਣੀਆਲੇ ਤੀਰ ਮੁਗ਼ਲਾਂ ਦੀਆਂ ਫ਼ੌਜਾਂ ਉਤੇ ਛੱਡ ਰਹੇ ਸਨ। ਮੁਗ਼ਲ ਫ਼ੌਜਾਂ ਵਿਚ ਹਾਹਾਕਾਰ ਮੱਚ ਗਈ ਅਤੇ ਉਹ ਮੈਦਾਨ ਛੱਡ ਕੇ ਭੱਜ ਨਿਕਲੇ। ਖ਼ਾਲਸੇ ਨੇ ਮੈਦਾਨ ਫ਼ਤਹਿ ਕਰ ਲਿਆ ਪਰ ਬੇਦਾਵਾ ਦੇ ਗਏ 40 ਸਿੰਘਾਂ ਸਮੇਤ ਕਾਫ਼ੀ ਸਾਰੇ ਸਿੰਘ ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ। ਗੁਰੂ ਸਾਹਿਬ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਅਪਣੇ ਜ਼ਖ਼ਮ ਸਾਫ਼ ਕਰ ਰਹੀ ਸੀ। ਮਾਤਾ ਭਾਗੋ ਨੇ ਗੁਰੂ ਜੀ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਜੀ ਨੇ ਸੱਭ ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਪਿਆਰ ਨਾਲ ਨਿਹਾਰਿਆ ਅਤੇ ਹਰ ਸਿੰਘ ਨੂੰ ਸਨੇਹ ਨਾਲ ਪੰਜ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਬਖ਼ਸ਼ਿਆ। ਏਨੇ ਨੂੰ ਭਾਈ ਮਹਾਂ ਸਿੰਘ ਕੋਲ ਪਹੁੰਚੇ ਅਤੇ ਉਹ ਅਜੇ ਸਹਿਕ ਰਹੇ ਸਨ। ਗੁਰੂ ਜੀ ਨੇ ਉਨ੍ਹਾਂ ਦਾ ਸੀਸ ਗੋਦ ਵਿਚ ਲੈ ਕੇ ਮੂੰਹ ਸਾਫ਼ ਕੀਤਾ ਅਤੇ ਪੁਛਿਆ ਕਿ ਅਪਣੀ ਕੋਈ ਇੱਛਾ ਦੱਸੋ। ਅੱਗੋਂ ਮਹਾਂ ਸਿੰਘ ਨੇ ਕਿਹਾ, ''ਉੱਤਮ ਭਾਗ ਹਨ ਅੰਤ ਸਮੇਂ ਆਪ ਜੀ ਦੇ ਦਰਸ਼ਨ ਹੋ ਗਏ। ਸੱਭ ਇੱਛਾਵਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ, ਬੇਦਾਵੇ ਵਾਲਾ ਕਾਗ਼ਜ਼ ਪਾੜ ਦਿਉ ਤੇ ਟੁੱਟੀ ਮੇਲ ਲਉ।'' ਟੁੱਟੀ ਗੰਢਣਹਾਰ ਅਤੇ ਭੁੱਲਾਂ ਬਖਸ਼ਣਹਾਰ ਦਸਮੇਸ਼ ਪਿਤਾ ਜੀ ਨੇ ਕਮਰਕੱਸੇ ਵਿਚੋਂ ਬੇਦਾਵੇ ਦਾ ਕਾਗ਼ਜ਼ ਪਾੜ ਦਿਤਾ। ਭਾਈ ਮਹਾਂ ਸਿੰਘ ਜੀ ਨੇ ਸ਼ੁਕਰਾਨਾ ਕਰਦੇ ਹੋਏ ਪਿਤਾ ਦਸਮੇਸ਼ ਦੀ ਗੋਦ ਵਿਚ ਸਵਾਸ ਤਿਆਗ ਦਿਤੇ। ਗੁਰੂ ਜੀ ਨੇ ਸਮੂਹ ਸ਼ਹੀਦਾਂ ਦਾ ਸਸਕਾਰ ਅਪਣੇ ਹੱਥੀਂ ਕੀਤਾ ਅਤੇ ਉਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ।ਗੁਰੂ ਸਾਹਿਬ ਜੀ ਨੇ ਇਸ ਢਾਬ ਨੂੰ 'ਮੁਕਤੀ ਦਾ ਸਰ' ਹੋਣ ਦਾ ਵਰਦਾਨ ਦਿਤਾ। ਅੱਜ ਇਹ ਸਥਾਨ ਸੰਸਾਰ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਾਉਂਦਾ ਹੈ। ਸਾਨੂੰ ਵੀ ਅਪਣਾ ਤਨ, ਮਨ ਅਤੇ ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ। ਜਿਹੜੇ ਨੌਜੁਆਨ ਅਪਣੇ ਗੁਰੂ ਜੀ ਦੇ ਦੱਸੇ ਹੋਏ ਸਿਧਾਂਤਾਂ ਤੋਂ ਬੇਮੁੱਖ ਹੋ ਗਏ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਅਪਣੀ ਭੁੱਲ ਬਖ਼ਸਵਾ ਕੇ (ਪਤਿਤਪੁਣੇ ਦਾ ਬੇਦਾਵਾ) ਪੜ੍ਹਵਾ ਕੇ ਗੁਰੂ ਦੇ ਸੱਚੇ ਬੱਚੇ ਬਣ ਜਾਣ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement