
ਅੰਮ੍ਰਿਤਸਰ, 19 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਗੁਰਬਿੰਦਰ ਸਿੰਘ ਮਾਹਲ ਨੇ ਅਪਣੇ ਸਾਥੀਆਂ ਨਾਲ ਦਰਬਾਰ ਸਾਹਿਬ ਦੀ ਚਾਰ ਦੀਵਾਰੀ ਅਤੇ ਲੰਗਰ ਘਰ ਵਿਚ ਸੁਰੱਖਿਆ ਪ੍ਰਬੰਧ ਇਲੈਕਟ੍ਰਾਨਿਕ ਯੰਤਰ ਲਾਉਣ ਸਬੰਧੀ ਅਕਾਲ ਤਖ਼ਤ ਦੇ ਇੰਚਾਰਜ ਨੂੰ ਯਾਦ ਪੱਤਰ ਸੌਂਪਿਆ ਹੈ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਮਾਹਲ ਨੇ ਕਿਹਾ ਕਿ ਦਰਬਾਰ ਸਾਹਿਬ ਦੁਨੀਆਂ ਦਾ ਸੱਭ ਤੋਂ ਪਵਿੱਤਰ ਧਰਮ ਸਥਾਨ ਮੰਨਿਆ ਜਾਂਦਾ ਹੈ।
ਇਸ ਧਾਰਮਕ ਸਥਾਨ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਦਰਸ਼ਨ ਕਰਨ ਲਈ ਸ਼ਰਧਾਲੂ ਪੁਜਦੇ ਹਨ। ਉਨ੍ਹਾਂ ਦੀ ਉਕਤ ਸੰਸਥਾ ਨੇ ਪਿਛਲੇ ਕੁੱਝ ਸਮੇਂ ਤੋਂ ਇਹ ਵਾਚਿਆ ਕਿ ਦਰਬਾਰ ਸਾਹਿਬ ਵਿਚ ਚਾਰ ਦਰਵਾਜ਼ਿਆਂ ਦੇ ਅੰਦਰ ਜਾਣ ਲਈ ਜਾ ਲੰਗਰ ਘਰ ਵਿਚ ਜਾਣ ਲਈ ਕੋਈ ਵੀ ਸੁਰੱਖਿਆ ਦੇ ਇਲੈਕਟ੍ਰਾਨਿਕ ਯੰਤਰ ਨਹੀਂ ਹਨ। ਉਨ੍ਹਾਂ ਪੂਰੇ ਦੇਸ਼ ਦੇ ਧਾਰਮਕ ਸਥਾਨਾਂ ਜਾਂ ਅਜੂਬਿਆਂ ਵਿਚ ਆਮ ਹੀ ਇਹ ਸੁਰੱਖਿਆ ਦੇ ਇਲੈਕਟ੍ਰਾਨਿਕ ਯੰਤਰ ਆਮ ਹੀ ਵੇਖੇ ਹਨ ਪਰ ਅਸੀ ਇਹ ਮਹਿਸੂਸ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਅਤੇ ਲੰਗਰ ਘਰ ਵਿਚ ਅੰਦਰ ਵੜਨ ਸਮੇਂ ਚੈਕਿੰਗ ਦੇ ਇੰਤਜਾਮ ਹੋਣੇ ਚਾਹੀਦੇ ਹਨ।