
ਤਰਨਤਾਰਨ, 5 ਦਸੰਬਰ (ਚਰਨਜੀਤ ਸਿੰਘ): ਕੀ ਅਕਾਲੀ ਦਲ ਵੀ ਵਿਵਾਦਾਂ ਵਿਚ ਘਿਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਗੋਬੁੰਦ ਸਿੰਘ ਲੌਂਗੋਵਾਲ ਦੀ ਘਰ ਵਾਪਸੀ ਲਈ ਜ਼ਮੀਨ ਤਿਆਰ ਕਰਨ ਵਿਚ ਰੁੱਝ ਗਿਆ ਹੈ? ਇਹ ਸਵਾਲ ਪੰਥਕ ਹਲਕਿਆਂ ਵਿਚ ਤੇਜ਼ੀ ਨਾਲ ਉਠਿਆ ਹੈ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਨਾਲ ਹਾਰ ਜਾਣ ਤੋਂ ਬਾਅਦ ਹਾਸ਼ੀਏ 'ਤੇ ਆਇਆ ਅਕਾਲੀ ਦਲ ਹੁਣ ਪੰਥਕ ਧਿਰਾਂ ਨੂੰ ਹੋਰ ਮੌਕਾ ਦੇਣ ਦੇ ਰੌਂਅ ਵਿਚ ਨਹੀਂ। ਅਕਾਲੀ ਦਲ ਹੁਣ ਵਿਰੋਧੀ ਧਿਰ ਨੂੰ ਕੋਈ ਨਵਾਂ ਮੌਕਾ ਦੇਣ ਲਈ ਤਿਆਰ ਨਹੀਂ, ਇਸ ਲਈ ਲੌਂਗੋਵਾਲ ਕੋਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਾਪਸ ਲੈਣ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਸੂਤਰਾਂ ਮੁਤਾਬਕ ਲੌਂਗੋਵਾਲ ਦੇ ਬਦਲ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰ ਦਸਦੇ ਹਨ ਕਿ ਜਿਸ ਤੇਜ਼ੀ ਨਾਲ ਲੌਂਗੋਵਾਲ ਦੀ ਪ੍ਰਧਾਨ ਬਣਦੇ ਸਾਰ ਹੀ ਪੰਥਕ ਹਲਕਿਆਂ ਵਿਚ ਵਿਰੋਧਤਾ ਸ਼ੁਰੂ ਹੋਈ, ਉਸ ਨਾਲ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸਕਤੇ ਵਿਚ ਹਨ। ਨਿਰਵਿਵਾਦ ਪ੍ਰਧਾਨ ਦੀ ਭਾਲ ਕਰਦੇ-ਕਰਦੇ ਇਕ ਵਿਵਾਦਤ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਅਹੁਦੇ 'ਤੇ ਬਿਠਾ ਦਿਤਾ ਗਿਆ। ਲੌਂਗੋਵਾਲ ਦੀਆਂ ਵਾਇਰਲ ਹੋ ਰਹੀਆਂ ਵੀਡੀਉ ਅਤੇ ਡੇਰਾ ਸਿਰਸਾ ਜਾਣ ਦਾ ਵਿਵਾਦ ਦਾ ਗੁਭਾਰ ਅਜਿਹਾ ਉਲਿਆ ਹੈ ਕਿ ਉਹ ਇਕ ਜਾਣੇ-ਪਛਾਣੇ ਰਾਜਨੀਤਕ ਨੂੰ ਉਡਾ ਕੇ ਲੈ ਜਾਣ ਵਿਚ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ। ਲੌਂਗੋਵਾਲ ਦੇ ਬਦਲ ਲਈ ਤਿੰਨ ਥਿਉਰੀਆਂ 'ਤੇ ਵਿਚਾਰ ਕੀਤੀ ਜਾ ਰਹੀ ਦਸੀ ਜਾ ਰਹੀ ਹੈ।
ਪਹਿਲੀ ਥਿਉਰੀ ਵਿਚ ਟੋਹੜਾ ਬਾਦਲ ਏਕਤਾ ਤੋਂ ਬਾਅਦ 21 ਜੁਨ 2003 ਨੂੰ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਸ. ਕ੍ਰਿਪਾਲ ਸਿੰਘ ਬਡੂੰਗਰ ਕੋਲੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਥਾਂ ਸ. ਗੁਰਚਰਨ ਸਿੰਘ ਟੋਹੜਾ ਨੂੰ ਪਹਿਲਾਂ ਅੰਤ੍ਰਿੰਗ ਕਮੇਟੀ ਵਿਚ ਮੈਂਬਰ ਤੇ ਫਿਰ ਪ੍ਰਧਾਨ ਬਣਾਇਆ ਗਿਆ ਸੀ, ਉਸੇ ਤਰਜ 'ਤੇ ਕਿਸੇ ਨਿਰਵਿਵਾਦ ਸ਼ਖ਼ਸੀਅਤ ਨੂੰ ਇਹ ਸੇਵਾ ਸੌਂਪ ਦਿਤੀ ਜਾਵੇ ਤਾਕਿ ਪੈਦਾ ਹੋਇਆ ਪੰਥਕ ਵਿਰੋਧ ਠਲ੍ਹਿਆ ਜਾ ਸਕੇ। ਇਸੇ ਤਰਾਂ ਨਾਲ ਦੂਜੀ ਥਿਉਰੀ 'ਤੇ ਕੀਤੀ ਜਾ ਰਹੀ ਵਿਚਾਰ ਵਿਚ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਕਿਉਂ ਨਾ ਮੌਜੂਦਾ ਪ੍ਰਧਾਨ ਕੋਲੋਂ ਅਸਤੀਫ਼ਾ ਲੈ ਕੇ ਸਾਰਾ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ ਨੂੰ ਸੌਂਪ ਦਿਤਾ ਜਾਵੇ। ਸ. ਵਿਰਕ, ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੁਡ ਬੁਕ ਵਿਚ ਹਨ। ਦਰਬਾਰ ਸਾਹਿਬ ਸੁੰਦਰੀਕਰਨ ਯੋਜਨਾ ਵਿਚ ਸ. ਵਿਰਕ ਨੇ ਜਿਸ ਦਿਲਚਸਪੀ ਨਾਲ ਕੰਮ ਕਰਵਾਇਆ ਹੈ, ਉਸ ਤੋਂ ਬਾਦਲ ਬੇਹਦ ਖ਼ੁਸ਼ ਹਨ। ਇਥੇ ਹੀ ਬੱਸ ਨਹੀਂ, ਸ. ਬਾਦਲ ਇਸ ਨਿਯੁਕਤੀ ਰਾਹੀਂ ਇਕ ਤੀਰ ਨਾਲ ਦੋ ਨਿਸ਼ਾਨ ਫੁੰਡਣ ਦੀ ਰੋਅ ਵਿਚ ਹਨ। ਉਹ ਜਾਣਦੇ ਹਨ ਕਿ ਜੇ ਅਜਿਹਾ ਹੁੰਦਾ ਹੈ ਤਾਂ ਹਰਿਆਣਾ ਦੇ ਸਿੱਖਾਂ ਅਤੇ ਅਕਾਲੀ ਦਲ ਵਿਚਾਲੇ ਪਈ ਦੂਰੀ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਹਨ। ਇਸੇ ਤਰ੍ਹਾਂ ਇਕ-ਇਕ ਵਿਚਾਰ ਇਹ ਵੀ ਅਕਾਲੀ ਹਲਕਿਆਂ ਵਿਚ ਵਿਚਾਰਿਆ ਜਾ ਰਿਹਾ ਹੈ ਕਿ ਕਿਉਂ ਨਾ ਇਕ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਕੇ ਉਸ ਨੂੰ ਅਧਿਕਾਰ ਦੇ ਦਿਤੇ ਜਾਣ। ਹੁਣ ਵੇਖਣਾ ਇਹ ਹੈ ਕਿ ਕਦੇ ਅਕਾਲੀ ਦਲ ਵਿਰੋਧੀਆਂ ਦੇ ਹਥ ਵਿਚ ਆਇਆ ਮੁੱਦਾ ਖੋਹਣ ਵਿਚ ਸਫ਼ਲ ਹੁੰਦਾ ਹੈ।