
ਅੰਮ੍ਰਿਤਸਰ, 29 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਕੌਮ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਥਾਹ ਕੁਰਬਾਨੀਆਂ ਨਾਲ ਹੋਂਦ 'ਚ ਆਈ। ਇਸ ਦੇ ਸੱਭ ਤੋਂ ਲੰਮਾ ਸਮਾਂ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਰਹੇ। ਆਜ਼ਾਦੀ ਸੰਗਰਾਮ 'ਚ ਅਤੇ ਭਾਰਤ ਅਜ਼ਾਦ ਹੋਣ 'ਤੇ ਸੱਭ ਤੋਂ ਜ਼ਿਆਦਾ ਸੰਘਰਸ਼ ਸਿੱਖ ਮਸਲਿਆਂ ਸਬੰਧੀ ਮਾ. ਤਾਰਾ ਸਿੰਘ ਨੇ ਕੀਤਾ ਅਤੇ ਉਹ ਸ਼੍ਰੋਮਣੀ ਕਮੇਟੀ ਦੇ 16 ਸਾਲ ਪ੍ਰਧਾਨ ਰਹੇ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਕਮੇਟੀ ਦੇ ਬਾਨੀ ਪ੍ਰਧਾਨ ਰਹੇ। ਸਾਬਕਾ ਵਿਦੇਸ਼ ਮੰਤਰੀ ਸਵ: ਸਵਰਨ ਸਿੰਘ ਦੇ ਪਿਤਾ ਪ੍ਰਤਾਪ ਸਿੰਘ ਸ਼ੰਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਸੱਭ ਤੋਂ ਜ਼ਿਆਦਾ ਚਰਚਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਮਾ. ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਰਹੇ। ਉਸ ਸਮੇਂ ਦੇ ਨੌਜਵਾਨ ਸ਼੍ਰੋਮਣੀ ਕਮੇਟੀ ਮੈਂਬਰ ਪ੍ਰੇਮ ਸਿੰਘ ਲਾਲਪੁਰਾ ਨੇ ਜਦ ਮਾ. ਤਾਰਾ ਸਿੰਘ ਨੂੰ ਹਰਾਇਆ ਤਾਂ ਉਹ ਦੇਸ਼ ਵਿਦੇਸ਼ 'ਚ ਸੁਰਖੀਆਂ ਵਿਚ ਆ ਗਏ। ਇਸ ਦਾ ਕਾਰਨ ਇਹ ਸੀ ਕਿ ਮਾ. ਤਾਰਾ ਸਿੰਘ ਸਿੱਖਾਂ ਦੇ ਬੜੇ ਵੱਡੇ ਕੱਦ ਦੇ ਆਗੂ ਵਜੋਂ ਸਥਾਪਤ ਹੋ ਚੁੱਕੇ ਸਨ। ਸ਼੍ਰੋਮਣੀ ਕਮੇਟੀ ਐਕਟ ਲਾਗੂ ਹੋਣ ਤੋ ਪਹਿਲਾਂ ਅਤੇ ਬਾਅਦ 'ਚ ਬਣੇ ਪ੍ਰਧਾਨਾਂ ਦਾ ਵੇਰਵਾ ਇਸ ਤਰ੍ਹਾਂ ਹੈ-- ਸ਼੍ਰੋਮਣੀ ਕਮੇਟੀ ਦਾ ਐਕਟ ਲਾਗੂ ਹੋਣ ਤੋਂ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ ਜੋ 12 ਅਕਤੂਬਰ 1920 ਤੋ 14 ਅਕਤੂਬਰ 1921 ਤਕ ਪ੍ਰਧਾਨ ਰਹੇ। ਬਾਬਾ ਖੜਕ ਸਿੰਘ 14 ਅਗੱਸਤ 1921 ਤੋਂ 19 ਫ਼ਰਵਰੀ 1922 ਤਕ ਪ੍ਰਧਾਨ ਰਹੇ। ਸੁੰਦਰ ਸਿੰਘ ਰਾਮਗੜ੍ਹੀਆ 19 ਫ਼ਰਵਰੀ 1922 ਤੋਂ 16 ਜੁਲਾਈ 1922 ਤਕ ਪ੍ਰਧਾਨ ਰਹੇ। ਬਹਾਦਰ ਮਹਿਤਾਬ ਸਿੰਘ 16 ਜੁਲਾਈ 1922 ਤੋਂ 27 ਅਪ੍ਰੈਲ 1925 ਤਕ ਪ੍ਰਧਾਨ ਰਹੇ। ਮੰਗਲ ਸਿੰਘ 27 ਅਪ੍ਰੈਲ 1925 ਤੋਂ 2 ਅਕਤੂਬਰ 1926 ਤਕ ਪ੍ਰਧਾਨ ਰਹੇ। ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਬਾਬਾ ਖੜਕ ਸਿੰਘ 2 ਅਕਤੂਬਰ 1926 ਤੋਂ 12 ਅਕਤੁਬਰ 1930 ਤਕ ਪ੍ਰਧਾਨ ਰਹੇ।
ਮਾ. ਤਾਰਾ ਸਿੰਘ 12 ਅਕਤੁਬਰ 1930 ਤੋਂ 17 ਜੂਨ 1933 ਤਕ ਪ੍ਰਧਾਨ ਰਹੇ। ਗੋਪਾਲ ਸਿੰਘ 17 ਜੂਨ 1933 ਤੋਂ 18 ਜੂਨ 1933, ਪ੍ਰਤਾਪ ਸਿੰਘ 18 ਜੂਨ 1933 ਤੋਂ 13 ਜੂਨ 1936 ਤਕ ਪ੍ਰਧਾਨ ਰਹੇ। ਮਾ. ਤਾਰਾ ਸਿੰਘ 13 ਜੂਨ 1936 ਤੋਂ 19 ਨਵੰਬਰ 1944 ਤਕ ਪ੍ਰਧਾਨ ਰਹੇ। ਜਥੇਦਾਰ ਮੋਹਨ ਸਿੰਘ ਨਾਗੋਕੇ 19 ਨਵੰਬਰ 1944 ਤੋਂ 28 ਮਈ 1948 ਤਕ, ਜਥੇਦਾਰ ਊਧਮ ਸਿੰਘ ਨਾਗੋਕੇ 28 ਮਈ 1948 ਤੋਂ 18 ਮਾਰਚ 1950 ਤਕ, ਚੰਨਣ ਸਿੰਘ ਉਰਾੜਾ 18 ਮਾਰਚ 1950 ਤੋਂ 26 ਨਵੰਬਰ 1950, ਊਧਮ ਸਿੰਘ ਨਾਗੋਕੇ 26 ਨਵੰਬਰ 1950 ਤੋਂ 4 ਨਵੰਬਰ 1951 ਤਕ ਪ੍ਰਧਾਨ ਰਹੇ। ਮਾ. ਤਾਰਾ ਸਿੰਘ 4 ਨਵੰਬਰ 1951 ਤਕ ਪ੍ਰਧਾਨ ਰਹੇ। ਪ੍ਰੀਤਮ ਸਿੰਘ 4 ਨਵੰਬਰ 1951 ਤੋਂ 5 ਅਕਤੂਬਰ 1952 ਤਕ, ਪ੍ਰੀਤਮ ਸਿੰਘ ਖੁਡੰਜ 5 ਅਕਤੂਬਰ 1952 ਤੋਂ 18 ਜਨਵਰੀ 1954 ਤਕ ਪ੍ਰਧਾਨ ਰਹੇ। ਈਸ਼ਰ ਸਿੰਘ ਮਝੈਲ 18 ਜਨਵਰੀ 1954 ਤੋਂ 24 ਅਪ੍ਰੈਲ 1955 ਤਕ, ਮਾ. ਤਾਰਾ ਸਿੰਘ 24 ਅਪ੍ਰੈਲ 1955 ਤੋਂ 16 ਅਕਤੂਬਰ 1955 ਤਕ, ਬਾਵਾ ਹਰਕ੍ਰਿਸ਼ਨ ਸਿੰਘ 24 ਅਪ੍ਰੈਲ 1955 ਤੋਂ 16 ਅਕਤੂਬਰ 1955 ਤਕ, ਮਾ. ਤਾਰਾ ਸਿੰਘ 16 ਅਕਤੂਬਰ 1955 ਤੋਂ 7 ਜੁਲਾਈ 1956 ਤਕ, ਗਿਆਨ ਸਿੰਘ ਰਾੜੇਵਾਲਾ 7 ਜੁਲਾਈ 1956 ਤੋਂ 11 ਨਵੰਬਰ 1956 ਤਕ ਪ੍ਰਧਾਨ ਰਹੇ। ਮਾ. ਤਾਰਾ ਸਿੰਘ 11 ਨਵੰਬਰ 1956 ਤੋਂ 16 ਨਵੰਬਰ 1958 ਤਕ, ਪ੍ਰੇਮ ਸਿੰਘ ਲਾਲਪੁਰਾ 16 ਨਵੰਬਰ 1958 ਤੋਂ 7 ਮਾਰਚ 1960 ਤਕ, ਮਾ. ਤਾਰਾ ਸਿੰਘ 7 ਜੁਲਾਈ 1960 ਤੋਂ 30 ਅਪ੍ਰੈਲ 1960 ਤਕ, ਅਜੀਤ ਸਿੰਘ ਬਾਲਾ 30 ਅਪ੍ਰੈਲ 1960 ਤੋਂ 10 ਮਾਰਚ 1961 ਤਕ, ਮਾ. ਤਾਰਾ ਸਿੰਘ 10 ਅਕੂਤਬਰ 1961 ਤੋਂ 11 ਮਾਰਚ 1962 ਤਕ, ਕ੍ਰਿਪਾਲ ਸਿੰਘ ਚੱਕ ਸ਼ੇਰੇਵਾਲਾ 11 ਮਾਰਚ 1962 ਤੋਂ 2 ਅਕਤੂਬਰ 1962 ਤਕ ਪ੍ਰਧਾਨ ਰਹੇ। ਸੰਤ ਚੰਨਣ ਸਿੰਘ 2 ਅਕਤੁਬਰ 1962 ਤੋਂ 30 ਨਵੰਬਰ 1972 ਤਕ, ਜਥੇਦਾਰ ਗੁਰਚਰਨ ਸਿੰਘ ਟੌਹੜਾ 30 ਅਕਤੂਬਰ 1972 ਤੋਂ 23 ਮਾਰਚ 1986 ਤਕ, ਕਾਬਲ ਸਿੰਘ 23 ਮਾਰਚ 1986 ਤੋਂ 30 ਨਵੰਬਰ 1986 ਤਕ, ਜਥੇਦਾਰ ਗੁਰਚਰਨ ਸਿੰਘ ਟੌਹੜਾ 30 ਨਵੰਬਰ 1986 ਤੋਂ 21 ਨਵੰਬਰ 1990 ਤਕ, ਬਲਦੇਵ ਸਿੰਘ ਸਿਬੀਆ 21 ਨਵੰਬਰ 1990 ਤੋਂ 13 ਨਵੰਬਰ 1991 ਤਕ, ਜਥੇਦਾਰ ਗੁਰਚਰਨ ਸਿੰਘ ਟੌਹੜਾ 13 ਨਵੰਬਰ 1991 ਤੋਂ 16 ਮਾਰਚ 1999 ਤਕ ਪ੍ਰਧਾਨ ਰਹੇ। ਬੀਬੀ ਜਗੀਰ ਕੌਰ ਬੇਗੋਵਾਲ 16 ਮਾਰਚ 1999 ਤੋਂ 30 ਨਵੰਬਰ 2000 ਤਕ, ਜਥੇਦਾਰ ਜਗਦੇਵ ਸਿੰਘ ਤਲਵੰਡੀ 30 ਨਵੰਬਰ 2000 ਤੋਂ 27 ਨਵੰਬਰ 2001 ਤਕ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ 27 ਨਵੰਬਰ 2001 ਤੋਂ 20 ਜੁਲਾਈ 2003 ਤਕ, ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਜੁਲਾਈ 2003 ਤੋਂ 31 ਮਾਰਚ 2004 ਤਕ, ਅਲਵਿੰਦਰਪਾਲ ਸਿੰਘ ਪੱਖੋਕੇ 1 ਅਪ੍ਰੈਲ 2004 ਤੋਂ 23 ਸਤੰਬਰ 2004 ਤਕ, ਬੀਬੀ ਜਗੀਰ ਕੌਰ ਬੇਗੋਵਾਲ 23 ਸਤੰਬਰ 2004 ਤੋਂ 23 ਨਵੰਬਰ 2005 ਤਕ, ਅਵਤਾਰ ਸਿੰਘ ਮੱਕੜ 23 ਨਵੰਬਰ 2005 ਤੋਂ 5 ਨਵੰਬਰ 2016 ਤਕ ਪ੍ਰਧਾਨ ਰਹੇ। ਤੀਜੀ ਵਾਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ 5 ਨਵੰਬਰ 2016 ਤੋਂ 29 ਨਵੰਬਰ 2017 ਤਕ ਪ੍ਰਧਾਨ ਰਹੇ।