
ਨਵੀਂ ਦਿੱਲੀ, 11 ਜਨਵਰੀ (ਅਮਨਦੀਪ ਸਿੰਘ): ਮੁੰਬਈ ਵਿਚ ਹੋਏ ਕੀਰਤਨ ਸਮਾਗਮ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੀ ਹਾਜ਼ਰੀ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਣ 'ਤੇ ਟਿਪਣੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਹੈ ਕਿ ਗਿ. ਗੁਰਬਚਨ ਸਿੰਘ ਨੇ ਪਤਿਤ ਗਾਇਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੇ ਗੁਰਬਾਣੀ ਗਾਇਨ ਬਾਰੇ ਕੋਈ ਕਾਰਵਾਈ ਕਰਨ ਦੀ ਲੋੜ ਕਿਉਂ ਨਾ ਸਮਝੀ, ਸਗੋਂ ਪਤਿਤ ਗਾਇਕਾਂ ਨੂੰ ਸਿਰਪਾਉ ਨਾਲ ਨਿਵਾਜਿਆ।
ਉਨਾਂ੍ਹ ਕਿਹਾ ਕਿ ਕੀਰਤਨ ਦਰਬਾਰ ਵਿਚ ਇਕ ਪਤਿਤ ਗਾਇਕ ਮੀਕਾ ਅਤੇ ਪਤਿਤ ਬੀਬੀ ਜਸਪਿੰਦਰ ਕੌਰ ਨਰੂਲਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਬਦ ਕੀਰਤਨ ਕਰ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਤਬਲਾ ਵਜਾਉਣ ਵਾਲਾ ਸਿੰਘ ਪਹਿਲਾਂ ਹੀ ਤਨਖ਼ਾਹੀਆ ਹੋਣ ਦੇ ਨਾਲ ਦੇਹ ਧਾਰੀ ਨੂੰ ਮੰਨਣ ਵਾਲਾ ਹੈ। ਕੁੜੀਆਂ ਦਾ ਪਹਿਰਾਵਾ ਤੇ ਸਲੀਕਾ ਵੀ ਅਫ਼ਸੋਸਨਾਕ ਸੀ। ਐਨਾ ਸੱਭ ਕੁੱਝ ਹੋਣ ਦੇ ਬਾਵਜੂਦ ਗਿ. ਗੁਰਬਚਨ ਸਿੰਘ ਨੇ ਸਾਰਿਆਂ ਨੂੰ ਕ੍ਰਿਪਾਨਾਂ ਅਤੇ ਸਿਰਪਾਉ ਇਉਂ ਵੰਡੇ, ਜਿਵੇਂ ਰਿਉੜੀਆਂ ਵੰਡੀ ਦੀਆਂ ਹਨ। ਗਿਆਨੀ ਗੁਰਬਚਨ ਸਿੰਘ ਇਸ ਸਮੁੱਚੇ ਵਰਤਾਰੇ ਬਾਰੇ ਸਪੱਸ਼ਟ ਕਰਨ।