
ਅੰਮ੍ਰਿਤਸਰ, 27 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੰਦ ਲਿਫ਼ਾਫ਼ੇ 'ਚੋਂ ਹੀ ਨਿਕਲੇਗਾ। ਇਹ ਚੋਣ ਪੰਜਾਬ ਦੀ ਸਿਆਸਤ ਤੇ ਧਾਰਮਿਕ ਸਥਿਤੀ ਸਪੱਸ਼ਟ ਕਰੇਗੀ। ਅਜ਼ਾਦੀ ਤੋਂ ਬਾਅਦ ਪੰਜਾਬ ਦੀ ਸਿਆਸਤ ਸਿੱਖ ਰਾਜਨੀਤੀ ਦੁਆਲੇ ਹੀ ਘੁੰਮਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਮੁੱਖ ਸਿਆਸੀ ਪਾਰਟੀ ਹੈ ਜਿਸ ਦਾ ਕੰਟਰੋਲ ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰਾਂ, ਦਿੱਲੀ ਸਿੱਖ ਗੁਰਦਵਾਰਾ ਕਮੇਟੀ ਤੇ ਹੈ। ਸਿੱਖ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਇਨ੍ਹਾਂ ਕੁਰਬਾਨੀਆਂ ਨਾਲ ਬਣੀਆਂ ਸੰਸਥਾਵਾਂ ਉਤੇ ਬਾਦਲ ਪਰਵਾਰ ਦਾ ਮੁਕੰਮਲ ਕੰਟਰੋਲ ਪਿਛਲੇ 10 ਸਾਲਾਂ ਤੋਂ ਹੈ, ਖ਼ਾਸ ਕਰ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਮਗਰੋਂ ਅਜਿਹਾ ਹੋਇਆ ਹੈ। ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਸਬੰਧੀ ਸਿੱਖ ਹਲਕਿਆਂ ਦੀਆਂ ਨਜ਼ਰਾਂ 29 ਨਵੰਬਰ ਦੇ ਇਜਲਾਸ ਤੇ ਕੇਂਦਰਤ ਹੋ ਗਈਆਂ ਹਨ ਜੋ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਗ਼ੈਰ- ਅਕਾਲੀ ਸਰਕਾਰ ਪੰਜਾਬ 'ਚ ਆਉਣ ਕਰ ਕੇ ਪੰਥਕ ਦਲ 10 ਸਾਲਾਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਸਾਹਮਣੇ ਆਖ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਪਣੀ ਜ਼ਮੀਰ ਦੀ ਆਵਾਜ਼ ਤੇ ਪ੍ਰਧਾਨ ਚੁਣਨ। ਪੰਥਕ ਆਗੂਆਂ ਦਾ ਭਾਵੇਂ ਜਨਤਕ ਅਧਾਰ ਸ਼੍ਰੋਮਣੀ ਅਕਾਲੀ ਦਲ ਵਰਗਾ ਨਹੀਂ ਪਰ ਸਿੱਖ ਹਲਕੇ ਮਹਿਸੂਸ ਕਰ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਬਾਦਲ ਪਰਵਾਰ ਤਕ ਸੀਮਤ ਰਹਿਣ ਨਾਲ ਸਿੱਖੀ ਵਿਚਾਰਧਾਰਾ ਤੇ ਪਰੰਪਰਾ ਹੀ ਖ਼ਤਮ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦਾ ਵਜੂਦ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਵਾਲਾ ਨਹੀਂ ਰਿਹਾ। ਇਸ ਵੇਲੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਬਾਦਲ ਪਰਵਾਰ ਦਾ ਹੋਣ ਕਰ ਕੇ ਸਿੱਖ
ਸਿਆਸਤ ਇਕ ਪਰਿਵਾਰ ਦੀ ਸੋਚ ਤੇ ਸ਼ਖ਼ਸੀਅਤ ਦੁਆਲੇ ਘੁੰਮ ਰਹੀ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਵੱਡੇ ਤੇ ਛੋਟੇ ਫੈਸਲੇ ਲੈਣ ਲਈ ਖੁਦਮੁਖਤਾਰ ਸੰਸਥਾ ਨਹੀਂ ਰਹੀ। ਸ਼੍ਰੋਮਣੀ ਕਮੇਟੀ ਮੈਂਬਰ ਯੈਸਮੈਨ ਬਣ ਗਏ ਹਨ। ਡੇਰਾ ਸੌਦਾ ਸਾਧ ਨੂੰ ਦਿੱਤੀ ਗਈ ਮਾਫੀ, ਬੇਅਦਬੀਆਂ, ਆਰ ਐਸ ਐਸ ਦੀ ਦਖਲਅੰਦਾਜੀ, ਮੁਤਵਾਜੀ ਜੱਥੇਦਾਰਾਂ ਦੀ ਸਥਾਪਨਾ, ਨਾਨਕਸ਼ਾਹੀ ਕੈਲੰਡਰ ਵਿਵਾਦ ਆਦਿ ਭੱਖਦੇ ਮੱਸਲਿਆਂ ਬਾਰੇ ਬਾਦਲ ਪਰਿਵਾਰ ਹੀ ਰਿਮੋਟ ਕੰਟਰੋਲ ਨਾਲ ਫੈਸਲੇ ਲੈਂਦਾ ਹੈ, ਜੋ ਸਿੱਖ ਕੌਮ ਲਈ ਅਸਹਿ ਹੈ। ਇਹ ਦੱਸਣਯੋਗ ਹੈ ਕਿ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਦਲ ਨਾਲ ਸਿੱਧੇ ਜੁੜੇ ਹਨ ਤੇ ਹਰ ਸਾਲ ਲਿਫਾਫੇ ਚੋ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਹੁੰਦੀ ਹੈ। ਇਸ ਵਾਰ ਵੀ ਅਜਿਹਾ ਹੀ ਹੋਵੇਗਾ ਪਰ ਸਿੱਖ ਹਲਕਿਆਂ 'ਚ ਚਰਚਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਉਸ ਤੋਂ ਜਾਪਦਾ ਹੈ ਕਿ ਮੌਜੂਦਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਕੋਈ ਵੀ ਕੰਮ ਸਿੱਖ ਕੌਮ ਦੇ ਹਿੱਤਾਂ ਵਿਚ ਨਹੀਂ ਕਰ ਸਕੇ। ਉਨ੍ਹਾਂ ਦੇ ਨਾਲ ਬਣੀ ਟੀਮ ਦੀ ਕਾਰਗੁਜ਼ਾਰੀ ਵੀ ਔਸਤਨ ਰਹੀ। ਇਸ ਵੇਲੇ ਚੋਣ ਸਬੰਧੀ ਭਾਂਵੇ ਤਸਵੀਰ ਧੁੰਦਲੀ ਹੈ ਪਰ ਇਕ ਨਵੀ ਚਰਚਾ ਸਾਹਮਣੇ ਆਈ ਹੈ ਕਿ ਮਾਲਵੇ ਨਾਲ ਸਬੰਧਤ ਇਲਾਕੇ ਕੋਟ ਭਾਈ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਪ੍ਰਧਾਨ ਬਣਾਉਣ ਲਈ ਬਾਦਲ ਪਰਿਵਾਰ ਸੋਚ ਰਿਹਾ ਹੈ ਜੇਕਰ ਨਵਾਂ ਪ੍ਰਧਾਨ ਬਣਦਾ ਹੈ ਤਾਂ ਸਮੁੱਚੀ ਨਵੀ ਟੀਮ ਸਾਹਮਣੇ ਆਵੇਗੀ। ਇਸ ਵੇਲੇ ਚਰਚਾਵਾਂ ਦਾ ਬਜ਼ਾਰ ਗਰਮ ਹੈ ਪਰ ਪ੍ਰਧਾਨ ਬਾਦਲ ਪਰਿਵਾਰ ਦੀ ਸੋਚ ਵਾਲਾ ਹੀ ਬਣੇਗਾ। ਇਹ ਵੀ ਚਰਚਾ ਹੈ ਕਿ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਖਾਲਿਸਤਾਨ ਦੀ ਹਾਮੀਂ ਭਰ ਕੇ ਗਰਮ ਦਲਾਂ ਨੂੰ ਖੁਸ਼ ਕਰ ਲਿਆ ਹੈ ਪਰ ਬਾਦਲ ਪਰਿਵਾਰ ਖਫ਼ਾ ਹੈ। ਇਹ ਜਿਕਰਯੋਗ ਹੈ ਕਿ ਬਾਦਲ ਪਰਿਵਾਰ ਦਾ ਗਠਜੋੜ ਭਾਜਪਾ ਨਾਲ ਹੈ। ਉਹ ਨਹੀਂ ਚਾਹੁੰਦੇ ਕਿ ਅਜਿਹੀ ਮੰਗ ਨਾਲ ਭਾਜਪਾ ਤੇ ਆਰ ਐਸ ਐਸ ਨੂੰ ਨਰਾਜ਼ ਕੀਤਾ ਜਾਵੇ ਜੋ ਖਾਲਿਸਤਾਨ ਦੀ ਕੱਟੜ ਵਿਰੋਧੀ ਹੈ। ਮੌਜੂਦਾ ਬਣੇ ਹਲਾਤਾਂ 'ਚ ਬਾਦਲ ਪਰਿਵਾਰ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੈਂਬਰ ਬਗਾਵਤ ਨਹੀਂ ਕਰਨਗੇ, ਜਿਸ ਤਰ੍ਹਾਂ ਪੰਥਕ ਦਲ ਆਵਾਜ਼ ਬੁਲੰਦ ਕਰ ਰਹੇ ਤੇ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਲਿਫਾਫੇ ਚੋ ਹੀ ਨਿਕਲੇਗਾ ਭਾਂਵੇ ਪ੍ਰੋ ਬਡੂੰਗਰ ਹੋਣ ਜਾਂ ਕੋਈ ਹੋਰ ਨਵਾਂ ਪ੍ਰਧਾਨ ਬਣੇ।