
ਅੰਬਾਲਾ, 21 ਨਵੰਬਰ (ਕਵਲਜੀਤ ਸਿੰਘ): ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਕੀਤੀ ਗਈ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ, ਮੁਖਲਿਸਗੜ੍ਹ (ਹਰਿਆਣਾ) ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਈ ਕਸਰ ਨਹੀਂ ਛੱਡੇਗੀ ।
ਇਹ ਪ੍ਰਗਟਾਵਾ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਸਥਾਨ ਤੇ ਦਰਬਾਰ ਸਾਹਿਬ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪ੍ਰੰਤ ਸੰਗਤ ਦੇ ਇਕੱਠ ਨੂੰ ਸੰਬੋਧਨ ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦੀ ਸਾਂਭ- ਸੰਭਾਲ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਇਤਿਹਾਸਕ ਅਸਥਾਨ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਇਤਿਹਾਸ ਨੂੰ ਸੰਗਤ ਵਿਚ ਉਭਾਰਨ ਲਈ ਇਥੇ ਗੁਰਦਵਾਰੇ ਦੇ ਦਰਬਾਰ ਦਾ
ਨੀਂਹ ਪੱਥਰ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਲ੍ਹਾ ਲੋਹਗੜ੍ਹ ਸਾਹਿਬ ਲਈ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲੀਆਂ ਵਲੋਂ ਵਰੋਸਾਏ ਬਾਬਾ ਬਚਨ ਸਿੰਘ ਅਤੇ ਬਾਬਾ ਸੁੱਖਾ ਸਿੰਘ ਕਰਨਾਲ ਵਾਲੀਆਂ ਨੂੰ ਸੌਂਪੀ ਗਈ ਹੈ । ਉਨ੍ਹਾਂ ਸਮਾਗਮ ਦੀ ਸਫ਼ਲਤਾ ਲਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ . ਬਲਦੇਵ ਸਿੰਘ ਕਾਇਮਪੁਰ ਨੂੰ ਮੁਬਾਰਕਬਾਦ ਵੀ ਦਿਤੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਿਲ੍ਹਾ ਲੋਹਗੜ੍ਹ ਸਾਹਿਬ ਸਿੱਖ ਇਤਿਹਾਸ ਦੀ ਅਨਮੋਲ ਵਿਰਾਸਤ ਹੈ ਅਤੇ ਇਸ ਦੀ ਸ਼ਾਨ ਨੂੰ ਮੁੜ ਉਭਾਰਨ ਲਈ ਯਤਨ ਇਕ ਇਤਿਹਾਸਿਕ ਕਾਰਜ ਹੈ। ਇਸ ਮੌਕੇ ਹਲਕਾ ਵਿਧਾਇਕ ਸ. ਬਖ਼ਸ਼ੀਸ਼ ਸਿੰਘ ਵਿਰਕ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਵੀ ਸੰਬੋਧਨ ਕੀਤਾ ।