
ਤਰਨਤਾਰਨ, 27 ਨਵੰਬਰ (ਚਰਨਜੀਤ ਸਿੰਘ): ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਮੁੜ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਣ ਸਕਦੇ ਹਨ। ਚਰਚਾ ਹੈ ਕਿ ਪ੍ਰੋ. ਬਡੂੰਗਰ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਅਪਣੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦਾ ਕਾਰਨ ਦੱਸਣ ਵਿਚ ਕਾਮਯਾਬ ਰਹੇ ਹਨ। ਪ੍ਰੋ. ਬਡੂੰਗਰ ਦੇ ਨੇੜਲੇ ਸੂਤਰਾਂ ਦੀ ਮੰਨੀ ਜਾਵੇ ਤਾਂ ਉਹ ਅਕਾਲੀ ਦਲ ਪ੍ਰਧਾਨ ਨੂੰ ਸਮਝਾਉਣ ਵਿਚ ਸਫ਼ਲ ਰਹੇ ਹਨ ਕਿ ਉਨ੍ਹਾਂ ਦੇ ਨਾਲ ਲਗਾਈ ਗਈ ਟੀਮ ਨੇ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਹੀ ਨਹੀਂ ਕਰਨ ਦਿਤਾ।
ਅਕਾਲੀ ਦਲ ਦੇ ਅਕਸ ਨੂੰ ਖੋਰਾ ਲਗਾਉਣ ਲਈ ਯਤਨਸ਼ੀਲ ਕੁੱਝ ਲੋਕਾਂ ਨੇ ਵਾਰ-ਵਾਰ ਉਨ੍ਹਾਂ ਦੇ ਰਾਹ ਵਿਚ ਕੰਢੇ ਬੀਜਣ ਵਿਚ ਅਹਿਮ ਰੋਲ ਅਦਾ ਕੀਤਾ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਪ੍ਰੋ. ਬਡੂੰਗਰ ਅਪਣੇ ਨਾਲ ਇਕ ਸਾਲ ਦਾ ਰੀਪੋਰਟ ਕਾਰਡ ਵੀ ਲੈ ਕੇ ਗਏ ਸਨ। ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿਚ ਚਰਚਾ ਚਲ ਰਹੀ ਹੈ ਕਿ ਪ੍ਰੋ. ਬਡੂੰਗਰ ਨੇ ਸ. ਬਾਦਲ ਨੂੰ ਦਸਿਆ ਕਿ ਉਨ੍ਹਾਂ ਇਕ ਸਾਲ ਵਿਚ ਧਰਮ ਪ੍ਰਚਾਰ ਲਹਿਰ ਚਲਾਈ, ਸੈਮੀਨਾਰਾਂ ਦੀ ਇਕ ਲੜੀ ਚਲਾਈ ਅਤੇ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਲਹਿਰ ਦਾ ਹਿੱਸਾ ਬਣਾਇਆ। ਬਡੂੰਗਰ ਸਵੀਕਾਰ ਕੀਤਾ ਕਿ ਕੁੱਝ ਮੈਂਬਰਾਂ ਨੇ ਉਨ੍ਹਾਂ ਤੋਂ ਗ਼ਲਤੀਆਂ ਕਰਵਾ ਕੇ ਉਨ੍ਹਾਂ ਦੀ ਸਾਖ ਨੂੰ ਧੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ। ਸੁਖਬੀਰ ਸਿੰਘ ਬਾਦਲ ਨੇ ਪ੍ਰੋ. ਬਡੂੰਗਰ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਥਾਪੜਾ ਦਿਤਾ ਹੈ। ਹੁਣ ਕਲ ਹੋਣ ਵਾਲੀ ਮੈਂਬਰਾਂ ਦੀ ਮੀਟਿੰਗ ਵਿਚ ਪ੍ਰੋ. ਬਡੂੰਗਰ ਦੀ ਵਾਪਸੀ ਤੇ ਮੈਂਬਰਾਂ ਨੂੰ ਪਾਰਟੀ ਦੇ ਜ਼ਾਬਤੇ ਦਾ ਭੈਅ ਵਿਖਾ ਕੇ ਪ੍ਰਵਾਨਗੀ ਲਈ ਜਾ ਸਕਦੀ ਹੈ।