
ਨਗਰ-ਕੀਰਤਨ ਸ਼ਬਦ ਤੋਂ ਕੋਈ ਵੀ ਅਣਜਾਣ ਨਹੀਂ ਹੋਵੇਗਾ। ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸੁੰਦਰ ਪਾਲਕੀ ਵਿਚ ਰੱਖ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਨਗਰ ਵਿਚ ਕੀਰਤਨ ਕਰਦਿਆਂ ਚੱਕਰ ਲਗਾਇਆ ਜਾਂਦਾ ਹੈ। ਇਹ ਨਗਰ ਕੀਰਤਨ ਗੁਰੂ ਸਾਹਿਬ ਦੇ ਅਵਤਾਰ ਦਿਹਾੜੇ ਨੂ ੰਸਮਰਪਿਤ ਹੁੰਦੇ ਹਨ। ਪਰ ਦਿੱਲੀ ਵਿਚ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਦਾ ਵੀ ਨਗਰ ਕੀਰਤਨ ਨਿਕਲਦਾ ਹੈ। ਸੱਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਪੰਜ ਪਿਆਰਿਆਂ ਦੀ। ਉਹ ਗੁਰਸਿੱਖ ਹੋਣੇ ਚਾਹੀਦੇ ਹਨ। ਪਰ ਇਕ ਇਲਾਕੇ ਵਿਚੋਂ ਪੰਜ ਗੁਰੂ ਦੇ ਸਿੱਖ ਵੀ ਨਹੀਂ ਮਿਲਦੇ, ਫਿਰ ਕਿਸੇ ਹੋਰ ਇਲਾਕੇ ਵਿਚੋਂ ਗੁਰਸਿੱਖ ਬੰਦੇ ਬੁਲਾਏ ਜਾਂਦੇ ਹਨ ਅਤੇ ਪੰਜ ਪਿਆਰਿਆਂ ਵਿਚ ਸ਼ਾਮਲ ਕੀਤੇ ਜਾਂਦੇ ਹਨ। ਕੋਈ ਨਹਂੀ ਵੇਖਦਾ ਕਿ ਉਹ ਬੰਦੇ ਗੁਰਸਿੱਖ ਵੀ ਹਨ ਜਾਂ ਨਹੀਂ। ਦਿੱਲੀ ਦੇ ਹਰ ਵਾਰਡ ਵਿਚ ਵਖਰਾ-ਵਖਰਾ ਗੁਰਦਵਾਰਾ ਹੈ। ਹਰ ਇਲਾਕੇ ਵਿਚੋਂ ਵਖਰਾ-ਵਖਰਾ ਨਗਰ ਕੀਰਤਨ ਨਿਕਲਦਾ ਹੈ। ਨਗਰ ਕੀਰਤਨ ਵਿਚ ਥਾਂ-ਥਾਂ ਤੇ ਸਟਾਲ ਲੱਗੇ ਹੁੰਦੇ ਹਨ। ਇਕ ਥਾਂ ਰਾਜਮਾਂਹ-ਚੌਲ, ਥੋੜੀ ਦੂਰ ਕੜ੍ਹੀ ਚੌਲ ਅਤੇ ਕੁੱਝ ਹੋਰ ਅੱਗੇ ਜਾ ਕੇ ਛੋਲੇ ਚੌਲ। ਸੰਗਤ ਇਕ ਥਾਂ ਤੋਂ ਪਹਿਲੇ ਵਾਲੇ ਸਟਾਲ ਤੋਂ ਇਕ ਪਲੇਟ ਲੈ ਕੇ ਖਾ ਲੈਂਦੀ ਹੈ। ਦੂਜੇ ਤੇ ਤੀਜੇ ਸਟਾਲ ਤੋਂ ਸੰਗਤ ਪਲੇਟ ਤਾਂ ਲੈਂਦੀ ਹੈ ਪਰ ਪਹਿਲਾਂ ਹੀ ਪੇਟ ਭਰਿਆ ਹੋਣ ਕਰ ਕੇ ਇਕ ਚਮਚ ਖਾਣ ਤੋਂ ਬਾਅਦ ਬਾਕੀ ਸਾਰੀ ਪਲੇਟ ਇਕ ਪਾਸੇ ਰਖ ਦਿੰਦੀ ਹੈ। ਜਾਣਕਾਰਾਂ ਅਤੇ ਸਰਦੇ ਪੁਜਦੇ ਬੰਦਿਆਂ ਨੂੰ ਪਹਿਲਾਂ ਲੰਗਰ ਦਿਤਾ ਜਾਂਦਾ ਹੈ। ਗ਼ਰੀਬਾਂ ਨੂੰ ਤਾਂ ਇਕ ਤੋਂ ਦੂਜੀ ਪਲੇਟ ਲੈਣ ਲਗਿਆਂ ਝਿੜਕ ਦਿੱਤਾ ਜਾਂਦਾ ਹੈ। ਕਈ ਸੇਵਾਦਾਰ ਤਾਂ ਗਾਲਾਂ ਵੀ ਕਢਦੇ ਹਨ। ਉਹ ਭੁੱਲ ਜਾਂਦੇ ਹਨ ਕਿ ਨਿਮਰਤਾ ਤਾਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ।
ਇਸ ਵਾਰ ਮੈਂ ਨਗਰ ਕੀਰਤਨ ਵਿਚ ਆਏ ਮਜ਼ਦੂਰ ਵਰਗ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਜਿਹੜਾ ਲੰਗਰ ਪ੍ਰਸ਼ਾਦਿ ਉਹ ਨਗਰ ਕੀਰਤਨ ਵਾਲੇ ਦਿਨ ਇਕੰਠਾ ਕਰ ਕੇ ਲੈ ਜਾਂਦੇ ਹਨ ਉਹ ਉਨ੍ਹਾਂ ਦਾ ਪ੍ਰਵਾਰ ਕਿੰਨੇ ਹੀ ਦਿਨ ਖਾਂਦਾ ਰਹਿੰਦਾ ਹੈ। ਝੂਠੀ ਸ਼ੋਹਰਤ ਅਤੇ ਵਾਹ-ਵਾਹ ਖੱਟਣ ਲਈ ਪੈਸੇ ਦਾ ਵਿਖਾਵਾ ਕਰ ਕੇ ਇਕ ਦੂਜੇ ਤੋਂ ਵਧੀਆਪਕਵਾਨ ਤਿਆਰ ਕਰਨ ਲਈ ਹਲਵਾਈ ਲਗਾਏ ਜਾਂਦੇ ਹਨ। ਗੱਡੀਆਂ, ਕਾਰਾਂ ਵਿਚੋਂ ਫਰੂਟੀਆਂ ਬਿਸਕੁਟ, ਕੇਲੇ, ਸੇਬ, ਵਗਾਹ-ਵਗਾਹ ਕੇ ਸੁੱਟੇ ਜਾਂਦੇ ਹਨ। ਅੰਨ ਅਤੇ ਪ੍ਰਸ਼ਾਦਿ ਦੋਹਾਂ ਦਾ ਨਿਰਾਦਰ ਕੀਤਾ ਜਾਂਦਾ ਹੈ।ਨਗਰ ਕੀਰਤਨ ਵਾਲੇ ਦਿਨ ਘੰਟਿਆਂ ਬੱਧੀ ਟਰੈਫ਼ਿਕ ਰੋਕ ਦਿਤਾ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਧਰਮਾਂ ਦੇ ਲੋਕ ਟਰੈਫ਼ਿਕ ਵਿਚ ਫਸੇ ਜ਼ਰੂਰ ਸਾਨੂੰ ਕੋਸਦੇ ਹੋਣਗੇ। ਉਸ ਟਰੈਫ਼ਿਕ ਵਿਚ ਫਸਿਆ ਕੋਈ ਮਰੀਜ਼ ਵੀ ਹੋ ਸਕਦਾ ਹੈ ਜੋ ਦੇਰ ਹੋਣ ਕਰ ਕੇ ਅਪਣੀ ਜਾਨ ਗਵਾ ਸਕਦਾ ਹੈ। ਕਿਸੇ ਦੀ ਫਲਾਈਟ ਜਾਂ ਟਰੇਨ ਛੁੱਟ ਸਕਦੀ ਹੈ। ਕਿਸੇ ਦੀ ਜ਼ਰੂਰੀ ਮੀਟਿੰਗ ਮੁਲਤਵੀ ਹੋ ਸਕਦੀ ਹੈ, ਜਿਸ ਨਾਲ ਉਸ ਦੇ ਵਪਾਰ ਵਿਚ ਘਾਟਾ ਪੈ ਸਕਦਾ ਹੈ। ਨੌਜਵਾਨ ਮੁੰਡੇ-ਕੁੜੀਆਂ ਤਾਂ ਸਿਰਫ਼ ਘਰੋਂ ਮੌਜ ਮਸਤੀ ਕਰਨ ਹੀ ਆਉਂਦੇ ਹਨ। ਨੌਜਵਾਨ ਮੁੰਡੇ ਮੋਟਰਸਾਈਕਲਾਂ ਤੇ ਅਜੀਬ ਅਜੀਬ ਆਵਾਜ਼ਾਂ ਕਢਦੇ ਹਨ ਤੇ ਕਰਤਬ ਵਿਖਾਉਂਦੇ ਹਨ ਜਿਸ ਨਾਲ ਕਦੇ-ਕਦੇ ਕਿਸੇ ਨੂੰ ਸੱਟ ਵੀ ਲੱਗ ਸਕਦੀ ਹੈ। ਗੁਰਪੁਰਬ ਅਤੇ ਨਗਰ ਕੀਰਤਨ ਏਦਾਂ ਵੀ ਤਾਂ ਮਨਾਇਆ ਜਾ ਸਕਦਾ ਹੈ। ਲੰਗਰ ਤਾਂ ਉਹੀ ਮੰਨਿਆ ਜਾਣਾ ਚਾਹੀਦਾ ਹੈ ਜਿਹੜਾ ਅਸੀ ਅਪਣੇ ਹੱਥੀਂ ਤਿਆਰ ਕਰੀਏ ਅਤੇ ਪਿਆਰ ਨਾਲ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਖਵਾਇਆ ਜਾਵੇ। ਇਹ ਨਹੀਂ ਲਗਣਾ ਚਾਹੀਦਾ ਕਿ ਸਾਰੀ ਸਿੱਖ ਕੌਮ ਸਿਰਫ਼ ਲੰਗਰਾਂ ਵਿਚ ਹੀ ਰੁਝੀ ਹੋਈ ਹੈ। ਹੋਣਾਂ ਇਹ ਚਾਹੀਦਾ ਹੈ ਕਿ ਇਕ-ਦੋ ਥਾਵਾਂ ਤੇ ਨਗਰ ਕੀਰਤਨ ਥੋੜੀ ਦੇਰ ਲਈ ਠਹਿਰ ਜਾਵੇ ਅਤੇ ਥੋੜਾ ਬਹੁਤ ਸਨੈਕਸ ਅਤੇ ਚਾਹ ਹੋਵੇ। ਫਿਰ ਜਿਸ ਗੁਰਦਵਾਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇ ਉਥੇ ਸੰਗਤ ਲਈ ਲੰਗਰ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਸਟਾਲ ਕਾਪੀਆਂ, ਕਿਤਾਬਾਂ, ਪੈੱਨ ਅਤੇ ਪੈਨਸਿਲਾਂ ਦੇ ਵੀ, ਲਗਾ ਸਕਦੇ ਹੋ। ਇਤਿਹਾਸਕ ਕਿਤਾਬਾਂ ਅਤੇ ਗੁਰਬਾਣੀ ਦੇ ਅਰਥਾਂ ਵਾਲੇ ਗੁਟਕੇ ਵੀ ਵੰਡ ਸਕਦੇ ਹੋ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਿਲੀ ਇਹ ਕਿਤਾਬਾਂ ਮੁਫ਼ਤ ਦੇਂਦੀ ਹੈ। ਸੰਗਤ ਆਪ ਪੜ੍ਹ ਕੇ ਹੋਰਨਾਂ ਨੂੰ ਪੜਨ ਲਈ ਦੇ ਸਕਦੀ ਹੈ। ਲੋਕਾਂ ਨੇ ਅਪਣੀਆਂ ਗੱਡੀਆਂ ਤੇ ਗੁਰਬਾਣੀ ਦੀਆਂ ਤੁਕਾਂ ਤਾਂ ਲਿਖਵਾਈਆਂ ਹੁੰਦੀਆਂ ਹਨ ਪਰ ਉਨ੍ਹਾਂ ਦੇ ਅਰਥ ਪਤਾ ਨਹੀਂ ਹੁੰਦੇ। ਤਿੰਨ-ਚਾਰ ਜਥੇ ਥੋੜੀ ਜਹੀ ਹਿੰਮਤ ਅਤੇ ਮਿਹਨਤ ਨਾਲ ਇਹ ਸਟਾਲ ਲਗਾ ਸਕਦੇ ਹਨ। ਗੁਰਪੁਰਬਾਂ ਉਤੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ। ਪਾਠੀ ਸਿੰਘ ਦਿਹਾੜੀਦਾਰਾਂ ਦੀ ਤਰ੍ਹਾਂ ਪਾਠ ਕਰਦੇ ਹਨ। ਕੀ ਸਿੱਖ ਸੰਗਤ ਗੁਰਪੁਰਬ ਦੀ ਖ਼ੁਸ਼ੀ ਵਿਚ ਆਪ ਸਹਿਜ/ਅਖੰਡ ਪਾਠ ਨਹੀਂ ਕਰ ਸਕਦੀ। ਦਿਲੀ ਵਿਚ ਹਰ ਇਲਾਕੇ ਵਿਚ ਏਨੀ ਤਾਂ ਸਿੱਖ ਸੰਗਤ ਹੋਵੇਗੀ ਹੀ ਕਿ ਇਕ-ਇਕ ਘੰਟਾ ਪਾਠ ਕੀਤਿਆਂ ਪਾਠ ਪੂਰਾ ਹੋ ਜਾਵੇ। ਬਿਨਾਂ ਕਿਸੇ ਸਭਾ-ਸੁਸਾਇਟੀ ਦੇ ਮੈਂਬਰ ਬਣਿਆਂ ਅਸੀ ਘਰ ਬੈਠੇ ਹੀ ਅਪਣੇ ਆਲੇ-ਦਵਾਲੇ ਝਾਤ ਮਾਰੀਏ ਤਾਂ ਸਾਨੂੰ ਬਹੁਤ ਹੀ ਲੋੜਵੰਦ ਅਤੇ ਬੇਸਹਾਰਾ ਲੋਕ ਮਿਲ ਜਾਣਗੇ ਜਿਨ੍ਹਾਂ ਦੀ ਅਸੀ ਮਦਦ ਕਰ ਸਕਦੇ ਹਾਂ, ਕਿਸੇ ਦੀ ਤਨ ਨਾਲ ਕਿਸੇ ਦੀ ਮਨ ਅਤੇ ਧਨ ਨਾਲ। ਕੋਈ ਬਜ਼ੁਗਰ ਤੁਹਾਡੇ ਘਰ ਦੇ ਨੇੜੇ ਰਹਿੰਦਾ ਹੋਵੇ ਉਸ ਦੀ ਹਰ ਤਰ੍ਹਾਂ ਸਹਾਇਤਾ ਕਰੋ। ਕੋਈ ਗ਼ਰੀਬ ਜਿਸ ਨੂੰ ਭੋਜਨ ਚਾਹੀਦਾ ਹੋਵੇ ਉਸ ਨੂੰ ਭੋਜਨ ਕਰਾਉ। ਜਿਸ ਨੂੰ ਕਪੜੇ ਚਾਹੀਦੇ ਹੋਣ ਉਸ ਦੇ ਕਪੜਿਆ ਦਾ ਪ੍ਰਬੰਧ ਕਰੋ। ਅਜਿਹਾ ਕਰ ਕੇ ਸ਼ਾਇਦ ਅਸੀ ਸਹੀ ਅਰਥਾਂ ਵਿਚਗੁਰਪੁਰਬ ਮਨਾ ਸਕਾਂਗੇ।