
ਤਰਨਤਾਰਨ, 2 ਫ਼ਰਵਰੀ ਚਰਨਜੀਤ ਸਿੰਘ- ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਵਿਚ ਹੋਈਆਂ ਭਰਤੀਆਂ ਨੂੰ ਲੈ ਕੇ ਬਣੀ ਕਮੇਟੀ ਦੀ ਰੀਪੋਰਟ ਸ਼੍ਰੋਮਣੀ ਕਮੇਟੀ ਦੇ ਅÎਧਿਕਾਰੀਆਂ ਨੂੰ ਸੌਂਪੀ ਜਾ ਚੁੱਕੀ ਹੈ ਤੇ ਆਸ ਹੈ ਕਿ 16 ਫ਼ਰਵਰੀ ਦੀ ਕਮੇਟੀ ਦੀ ਹੋਣ ਜਾ ਰਹੀ ਅਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਉਹ ਕਰਮਚਾਰੀ ਜੋ ਬਡੂੰਗਰ ਕਾਲ ਵਿਚ ਨਾਜਾਇਜ਼ ਢੰਗ ਨਾਲ ਭਰਤੀ ਹੋਏ ਹਨ, ਨੂੰ ਘਰ ਤੋਰ ਦਿਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਜਕਾਲ ਸੰਭਾਲਦੇ ਸਾਰ ਹੀ ਇਕ ਕਮੇਟੀ ਦਾ ਗਠਨ ਕੀਤਾ ਸੀ ਜੋ ਬਡੂੰਗਰ ਕਾਲ ਵਿਚ ਹੋਈਆਂ ਭਰਤੀਆਂ ਦੀ ਜਾਂਚ ਕਰਨ ਲਈ ਸੀ। ਇਸ ਕਮੇਟੀ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਹਰਪਾਲ ਸਿੰਘ ਜੱਲਾ, ਬਲਦੇਵ ਸਿੰਘ ਚੁੱਘਾ ਅਤੇ ਸਜਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਕਮੇਟੀ ਨੇ 15 ਦਿਨਾਂ ਵਿਚ ਰੀਪੋਰਟ ਦੇਣੀ ਸੀ ਕਿ ਭਰਤੀਆਂ ਗ਼ਲਤ ਹਨ ਜਾਂ ਸਹੀ। ਜਾਣਕਾਰੀ ਮੁਤਾਬਕ ਪਿਛਲੇ ਦਿਨੀ ਕਮੇਟੀ ਨੇ ਇਹ ਰੀਪੋਰਟ ਦਫ਼ਤਰ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਡੂੰਗਰ ਕਾਲ ਵਿਚ ਪ੍ਰਧਾਨ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸ. ਕ੍ਰਿਪਾਲ ਸਿੰਘ ਬਡੁੰਗਰ ਨੇ ਅਣਗਿਣਤ ਭਰਤੀਆਂ ਕੀਤੀਆਂ ਜਿਨ੍ਹਾਂ ਵਿਚੋਂ ਕੁੱਝ ਭਰਤੀਆਂ ਸਿੱਧੀਆਂ ਗ੍ਰੇਡ ਵਿਚ ਸਨ ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਰੌਲਾ ਚਲ ਰਿਹਾ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਨੇ ਮੈਂਬਰਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਮੈਂਬਰਾਂ ਦੇ ਬੱਚੇ ਸਿੱਧੇ ਗ੍ਰੇਡ ਵਿਚ ਭਰਤੀ ਕੀਤੇ ਸਨ ਜੋ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਕਾਰਵਾਈ ਸੀ।