ਕੋਟਕਪੂਰਾ, 26 ਅਕਤੂਬਰ (ਗੁਰਿੰਦਰ ਸਿੰਘ): ਅਮਰੀਕਾ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਉਸ ਸਿੱਖ ਸੰਗਤ ਦਾ ਧਨਵਾਦ ਕੀਤਾ ਹੈ ਜਿਸ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿੱਲੀ 'ਚ ਕਰਾਏ ਗਏ ਸਮਾਗਮ 'ਚ ਭਾਗ ਨਹੀਂ ਲਿਆ।
ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਈ-ਮੇਲ ਰਾਹੀਂ ਭੇਜੇ ਪ੍ਰੈੱਸ ਨੋਟ 'ਚ ਕਿਹਾ ਕਿ ਆਰਐਸਐਸ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਾਇਆ ਸਮਾਗਮ ਫ਼ਲਾਪ ਸਾਬਤ ਹੋਇਆ। ਸਿੱਖ ਸੰਗਤ ਸਮਝਦੀ ਹੈ ਕਿ ਆਰਐਸਐਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜੋ ਸਿੱਖਾਂ ਦੇ ਗੁਰੂਆਂ ਨੂੰ ਦੇਸ਼ ਭਗਤ ਸਾਬਤ ਕਰਨਾ ਚਾਹੁੰਦੀ ਹੈ ਜਦਕਿ ਸਾਡੇ ਗੁਰੂ ਸਾਡੇ ਰਹਿਬਰ (ਰੱਬ) ਹਨ।

ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਨਾਮਧਾਰੀ ਸੰਸਥਾ ਦੇ ਜੋ ਵੀ ਆਗੂ ਤੇ ਹੋਰ ਉਥੇ ਪੁੱਜੇ ਸਨ, ਉਹ ਅਸਲ 'ਚ ਪਹਿਲਾਂ ਹੀ ਆਰਐਸਐਸ ਦੇ ਕਬਜ਼ੇ ਹੇਠ ਹਨ, ਉਹ ਸੌਦਾ ਸਾਧ ਨੂੰ ਵੀ ਸਨਮਾਨਤ ਕਰ ਕੇ ਆਏ ਸਨ ਤੇ ਅੱਜ ਉਹ ਵੀ ਜੇਲ 'ਚ ਬੰਦ ਹੈ, ਇਸੇ ਤਰ੍ਹਾਂ ਇਨ੍ਹਾਂ ਨੇ ਆਰਐਸਐਸ ਦੇ ਇਸ ਸਮਾਗਮ 'ਚ ਹਿੱਸਾ ਲੈ ਕੇ ਸਾਬਤ ਕਰ ਦਿਤਾ ਹੈ ਕਿ ਇਹ ਸਿੱਖ ਨਹੀਂ ਹਨ, ਸਗੋਂ ਸਿੱਖਾਂ ਦੇ ਭੇਸ 'ਚ ਸਿੱਖੀ ਦੇ ਗ਼ਦਾਰ ਹਨ। ਇਨ੍ਹਾਂ ਦਾ ਸਾਰੀ ਸਿੱਖ ਸੰਗਤ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਵਿਦੇਸ਼ੀ ਵਿਦਵਾਨਾਂ ਨੇ ਸੱਦਾ ਦਿਤਾ ਕਿ ਜੇ ਇਹ ਕਿਤੇ ਵੀ ਖ਼ੁਸ਼ੀ-ਗਮੀ ਦੇ ਪ੍ਰੋਗਰਾਮਾਂ 'ਚ ਨਜ਼ਰ ਆਉਂਦੇ ਹਨ ਤਾਂ ਸਿੱਖ ਸੰਗਤ ਇਨ੍ਹਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਇਹ ਸਾਡੇ ਗੁਰੂ ਦੇ ਦੋਖੀ ਹਨ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੇ ਪੁੱਜਣ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ, ਕੁੱਝ ਅਖ਼ਬਾਰਾਂ 'ਚ ਉਸ ਦੇ ਇਸ ਸਮਾਗਮ 'ਚ ਪੁੱਜਣ ਦੀ ਖ਼ਬਰ ਹੈ ਪਰ ਕੁੱਝ ਅਖ਼ਬਾਰਾਂ 'ਚ ਕੁੱਝ ਵੀ ਨਹੀਂ ਲਿਖਿਆ ਗਿਆ, ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਜੇ ਉਹ ਇਸ ਸਮਾਗਮ 'ਚ ਪੁੱਜੇ ਹਨ ਤਾਂ ਉਨ੍ਹਾਂ ਵਿਰੁਧ ਵੀ ਸਿੱਖ ਸੰਗਤ ਬਾਈਕਾਟ ਦਾ ਮਤਾ ਪਾਵੇਗੀ ਪਰ ਜੋ ਸਿੱਖ ਉਥੇ ਨਹੀਂ ਪੁੱਜੇ ਉਨ੍ਹਾਂ ਦਾ ਕੋਟਿ ਕੋਟਿ ਧਨਵਾਦ ਕੀਤਾ ਜਾਂਦਾ ਹੈ।
end-of