
ਬਰਨਾਲਾ, 10 ਦਸੰਬਰ (ਜਗਸੀਰ ਸਿੰਘ ਸੰਧੂ) : ਕਰੀਬ ਚਾਰ ਮਹੀਨੇ ਪਹਿਲਾਂ ਪਿੰਡ ਕਾਹਨੇਕੇ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਘੋੜਿਆਂ ਦੇ ਜਥੇਦਾਰ ਨਿਹੰਗ ਬਹਾਦਰ ਸਿੰਘ ਦੇ ਹੋਏ ਕਾਤਲ ਦੇ ਦੋਸ਼ ਵਿਚ ਬਰਨਾਲਾ ਪੁਲਿਸ ਨੇ 7 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ. ਮਨਜੀਤ ਸਿੰਘ ਨੇ ਦਸਿਆ ਹੈ ਕਿ ਬੁੱਢਾ ਦਲ ਨਿਹੰਗ ਸਿੰਘਾਂ ਦਾ ਇਕ ਜਥਾ ਪਿੰਡ ਕਾਹਨੇਕੇ ਵਿਖੇ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦੀ ਅਗਵਾਈ ਵਿਚ ਆਇਆ ਹੋਇਆ ਸੀ। ਬੀਤੀ 21-22 ਅਗੱਸਤ ਦੀ ਦਰਮਿਆਨੀ ਰਾਤ ਨੂੰ ਇਥੇ ਸੁੱਤੇ ਪਏ ਜਥੇਦਾਰ ਬਹਾਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੁਲਿਸ ਨੇ ਥਾਣਾ ਰੂੜੇਕੇ ਕਲਾਂ 'ਚ ਦਲ ਦੇ ਨਗਾਰਚੀ ਲਾਲ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਸੀ। ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਨੇ ਇਸ ਅੰਨ੍ਹੇ ਕਤਲ ਦੇ ਦੋਸ਼ੀਆਂ ਤਕ ਪੁੱਜਣ ਲਈ ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਕੁਲਦੀਪ ਸਿੰਘ ਵਿਰਕ ਡੀ.ਐਸ.ਪੀ.ਡੀ. ਬਰਨਾਲਾ, ਅੱਛਰੂ ਰਾਮ ਸ਼ਰਮਾ ਡੀ.ਐਸ.ਪੀ ਤਪਾ, ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਹੰਡਿਆਇਆ, ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ, ਮਲਕੀਤ ਸਿੰਘ ਚੀਮਾ 'ਤੇ ਆਧਾਰਤ ਇਸ ਜਾਂਚ ਟੀਮ ਵਲੋਂ ਕੀਤੀ ਤਫ਼ਤੀਸ ਦੌਰਾਨ ਮਿਲੇ ਸਬੂਤਾਂ, ਪੁਛਗਿਛ ਦੇ ਆਧਾਰ 'ਤੇ ਦਰਜ ਮਾਮਲੇ ਵਿਚ 7 ਵਿਅਕਤੀਆਂ- ਨਿਹੰਗ ਵੈਦ ਨਾਇਬ ਸਿੰਘ ਵਾਸੀ ਤਪਾ ਹਾਲ ਆਬਾਦ ਕਾਹਨੇਕੇ, ਸ਼ਹੀਦ ਪਰਮਜੀਤ ਸਿੰਘ ਨਿਹੰਗ ਵਾਸ਼ੀ ਗੁੱਜ਼ਰਵਾਲਾ, ਧਰਮਿੰਦਰ ਸਿੰਘ ਕਾਕਾ ਵਾਸੀ ਮਾਨਸਾ ਖ਼ੁਰਦ, ਸੁਖਵੀਰ ਸਿੰਘ ਮਿੱਠੂ ਨਿਹੰਗ ਵਾਸੀ ਦੀਪਾ ਪੱਤੀ ਦਿੜ੍ਹਬਾ, ਨਿਹੰਗ ਜਗਤਾਰ ਸਿੰਘ ਵਾਸੀ ਚੀਮਾ ਪੱਤੀ ਦਿੜ੍ਹਬਾ, ਨਿਹੰਗ ਸੁਰਜੀਤ ਸਿੰਘ ਵਾਸੀ ਦਿੜ੍ਹਬਾ, ਨਿਹੰਗ ਲਾਲ ਸਿੰਘ ਲਾਲੀ ਵਾਸੀ ਨੇੜੇ ਮਾਤਾ ਰਾਣੀ ਮੰਦਰ ਦਿੜ੍ਹਬਾ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ। ਪੁਛਗਿਛ ਦੌਰਾਨ ਉਕਤ ਵਿਅਕਤੀਆਂ ਨੇ ਅਪਣਾ ਜ਼ੁਲਮ ਕਬੂਲ ਕਰਦਿਆਂ ਦਸਿਆ ਕਿ ਘੋੜਿਆਂ ਦਾ ਜਥੇਦਾਰ ਬਹਾਦਰ ਸਿੰਘ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਬੁੱਢਾ ਦਲ ਦੀਆਂ ਸਾਉਣੀਆਂ, ਡੇਰਿਆਂ ਵਿਚ ਪੱਕੇ ਤੌਰ 'ਤੇ ਸੇਵਾ ਸੰਭਾਲ ਕਰ ਰਹੇ ਮਹੰਤਾਂ, ਸੰਤਾਂ ਨੂੰ ਡੇਰਿਆਂ ਵਿਚੋਂ ਕੱਢ ਕੇ ਉਨ੍ਹਾਂ ਦੀ ਜਗ੍ਹਾ ਅਪਣੇ ਵਿਅਕਤੀ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਿੰਡ ਕਿਲ੍ਹਾ ਰਾਏਪੁਰ ਵਿਖੇ ਨਿਹੰਗ ਸਿੰਘਾਂ ਦੀ ਸਾਉਣੀ ਵਿਚੋਂ ਪਿਛਲੇ ਸਮੇਂ 5-6 ਏਕੜ ਕਣਕ ਦੀ ਫ਼ਸਲ ਬਹਾਦਰ ਸਿੰਘ ਧੱਕੇਸ਼ਾਹੀ ਨਾਲ ਵੱਢ ਲਿਆਇਆ ਸੀ। ਇਸੇ ਤਰ੍ਹਾਂ ਚੀਮਾ ਮੰਡੀ ਦੀ ਸਾਉਣੀ ਵਿਚ ਰਹਿੰਦੇ ਮਹੰਤ ਬੀਰ ਸਿੰਘ ਨੂੰ ਵੀ ਜਥੇਦਾਰ ਬਹਾਦਰ ਸਿੰਘ ਨੇ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਰੰਜਸ਼ ਤਹਿਤ ਉਕਤ ਵਿਅਕਤੀਆਂ ਯੋਜਨਾ ਬਣਾ ਗੱਡੀ 'ਤੇ ਪਿੰਡ ਕਾਹਨੇਕੇ 'ਚ ਰਾਤ ਨੂੰ ਪੁੱਜੇ ਅਤੇ ਕਮਿਊਨਟੀ ਹਾਲ ਵਿਚ ਸੁੱਤੇ ਪਏ ਜਥੇਦਾਰ ਬਹਾਦਰ ਸਿੰਘ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਸੀ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸੁਖਵੀਰ ਸਿੰਘ ਮਿੱਠੂ ਤੋਂ ਘਟਨਾ ਵਿਚ ਵਰਤੀ ਗਈ ਬਲੈਰੋ ਗੱਡੀ, ਜਗਤਾਰ ਸਿੰਘ ਦਿੜ੍ਹਬਾ ਤੋਂ 12 ਬੋਰ ਗੰਨ, ਲਾਲ ਸਿੰਘ ਉਰਫ਼ ਲਾਲੀ ਵਾਸੀ ਦਿੜ੍ਹਬਾ ਤੋਂ 315 ਬੋਰ ਦੇਸੀ ਕੱਟਾ ਪਿਸਤੌਲ, ਵੈਦ ਨਾਇਬ ਸਿੰਘ ਤਪਾ ਤੋਂ 315 ਬੋਰ ਰਾਈਫ਼ਲ ਅਤੇ.22 ਬੋਰ ਗੰਨ, ਸੁਰਜੀਤ ਸਿੰਘ ਵਾਸੀ ਦਿੜ੍ਹਬਾ ਤੋਂ 12 ਬੋਰ ਗੰਨ ਅਤੇ ਨਾਜਾਇਜ਼ ਰਖਿਆ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਸਾਰੇ ਮੁਲਜ਼ਮਾਂ ਨੂੰ ਬਰਨਾਲਾ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿਤਾ ਗਿਆ ਹੈ।