
ਤਰਨਤਾਰਨ, 8 ਫ਼ਰਵਰੀ (ਚਰਨਜੀਤ ਸਿੰਘ): ਮਾਲਵੇ ਵਿਚ ਦਰਬਾਰ ਸਾਹਿਬ ਦੀ ਨਕਲ 'ਤੇ ਮਾਲਵੇ ਦਾ ਹਰਿਮੰਦਰ ਦਾ ਮਾਮਲਾ ਇਕ ਵਾਰ ਮੁੜ ਤੋਂ ਪੰਥਕ ਹਲਕਿਆਂ ਵਿਚ ਸਿਰ ਚੁੱਕ ਰਿਹਾ ਹੈ। ਮਾਲਵੇ ਦੇ ਆਗੂ ਜਥੇਦਾਰ ਪ੍ਰਸ਼ੋਤਮ ਸਿੰਘ ਫਗੂਵਾਲਾ ਵਲੋਂ ਇਹ ਮਾਮਲਾ ਮੁੜ ਚੁਕੇ ਜਾਣ ਤੋਂ ਬਾਅਦ ਪੰਥਕ ਹਲਕਿਆਂ ਵਿਚ ਇਹ ਮਾਮਲਾ ਗਰਮਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਇਮਾਰਤ ਨੂੰ ਤਿਆਰ ਕਰਨ ਵਾਲੇ ਮਿਸਤਰੀ ਹਰ ਹਫ਼ਤੇ ਦਰਬਾਰ ਸਾਹਿਬ ਆਉਦੇ ਤੇ ਹਰ ਕੋਨੇ ਤੋ ਜਾਂਚ ਕਰ ਕੇ ਮਾਲਵੇ ਵਿਚ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਕੰਮ ਕਰਦੇ। ਸ਼੍ਰੋਮਣੀ ਕਮੇਟੀ ਦੀਆਂ ਸਬ ਕਮੇਟੀਆਂ ਤੇ ਅਕਾਲ ਤਖ਼ਤ ਦੇ ਆਦੇਸ਼ਾਂ ਤੋਂ ਬਾਅਦ ਵੀ ਮਾਲਵੇ ਵਿਚ ਤਿਆਰ ਕੀਤੇ ਜਾ ਰਹੇ ''ਮਾਲਵੇ ਦੇ ਹਰਿਮੰਦਰ'' ਦੀ ਉਸਾਰੀ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ। ਇਸ ਪਿੱਛੇ ਮਾਲਵੇ ਨਾਲ ਸਬੰਧਤ ਇਕ ਵੱਡੇ ਅਕਾਲੀ ਆਗੂ ਦੀ ਸਰਪ੍ਰਸਤੀ ਦੱਸੀ ਜਾ ਹੀ ਹੈ।
ਇਸ ਇਮਾਰਤ ਦੀ ਦਿਖ ਦਰਬਾਰ ਸਾਹਿਬ ਵਰਗੀ ਹੈ। ਸਾਲ 2009 ਵਿਚ ਇਸ ਸੰਬਧੀ ਅਕਾਲ ਤਖ਼ਤ 'ਤੇ ਪੁਜੀ ਸ਼ਿਕਾਇਤ ਦੇ ਆਧਾਰ 'ਤੇ ਹੋਈ ਕਾਰਵਾਈ ਸਿਰਫ਼ ਕਾਗਜ਼ੀ ਕਾਰਵਾਈ ਹੀ ਸਾਬਤ ਹੋਈ। ਦਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਮਾਲਵੇ ਦੇ ਇਕ ਵਡੇ ਅਕਾਲੀ ਆਗੂ ਦੀ ਸ਼ਮੂਲੀਅਤ ਕਾਰਨ ਇੰਨੇ ਵਡੇ ਪੰਥਕ ਮਸਲੇ ਤੇ ਨਾ ਤਾਂ ਸ਼੍ਰੋਮਣੀ ਕਮੇਟੀ ਹੀ ਕੁੱਝ ਕਰ ਸਕੀ ਤੇ ਨਾ ਹੀ ਅਕਾਲ ਤਖ਼ਤ ਦੇ 'ਇਲਾਹੀ ਫੁਰਮਾਨ'। ਕਰੀਬ 9 ਸਾਲ ਤਕ ਸਾਰੀਆਂ ਧਿਰਾਂ ਹਵਾ ਵਿਚ ਤਲਵਾਰਾਂ ਮਾਰ ਕੇ ਸ਼ਾਂਤ ਹੋ ਗਈਆਂ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਹਲਕੇ ਵਿਚ ਇਹ ਕਾਰਜ ਲੰਮੇ ਸਮੇਂ ਤੋਂ ਜਾਰੀ ਹੈ ਪਰ ਪ੍ਰਧਾਨ ਦੀ ਇਸ ਸਾਰੇ ਮਾਮਲੇ ਤੇ ਖਾਮੋਸ਼ੀ ਸੰਕੇਤ ਕਰਦੀ ਹੈ ਕਿ ਪ੍ਰਧਾਨ ਜੀ ਅਪਣੀ ਪ੍ਰਧਾਨਗੀ ਬਚਾਉਣ ਲਈ ਮਾਲਵੇ ਦੇ ਅਕਾਲੀ ਆਗੂ ਦੀ ਨਾਰਾਜ਼ਗੀ ਨਹੀਂ ਸਹੇੜ ਸਕਦੇ, ਪੰਥ ਭਾਵੇਂ ਸਾਰਾ ਰੁਸ ਜਾਏ।
ਪੰਥਕ ਫ਼ਰੰਟ ਦੇ ਆਗੂ ਸ. ਸੁਖਦੇਵ ਸਿੰਘ ਭੌਰ ਨੇ 'ਮਾਲਵੇ ਦੇ ਹਰਿਮੰਦਰ' ਸਬੰਧੀ ਕਿਹਾ ਕਿ ਦਰਬਾਰ ਸਾਹਿਬ ਖ਼ਾਲਸਾ ਪੰਥ ਦੇ ਕੇਂਦਰੀ ਧਾਰਮਕ ਅਸਥਾਨ ਦਾ ਰੁਤਬਾ ਰਖਦਾ ਹੈ। 1604 ਵਿਚ, ਜਦ ਤੋਂ ਗੁਰੂ ਸਾਹਿਬ ਜੀ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਪਹਿਲਾ ਪ੍ਰਕਾਸ਼ ਇਸ ਪਵਿੱਤਰ ਅਸਥਾਨ 'ਤੇ ਖ਼ੁਦ ਕਰਵਾਇਆ ਹੈ ਇਹ ਪਵਿੱਤਰ ਅਸਥਾਨ ਸਿੱਖ ਪੰਥ ਲਈ ਸ਼ਰਧਾ, ਦ੍ਰਿੜ੍ਹਤਾ, ਸੇਵਾ -ਸਿਮਰਨ ਅਤੇ ਪੰਥ ਪਿਆਰ ਵਿਚ ਮਰ ਮਿੱਟਣ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ਵਿਚ ਦਰਬਾਰ ਸਾਹਿਬ ਦੀ ਨਕਲ ਕਰ ਕੇ ਇਕ ਧਾਰਮਿਕ ਅਸਥਾਨ ਬਣਾਉਣ ਦੀ ਹਿਮਾਕਤ ਨੇ ਹਰ ਸ਼ਰਧਾਵਾਨ ਸਿੱਖ ਦੀ ਮਾਨਸਕਤਾ ਨੂੰ ਪ੍ਰਭਾਵਤ ਕੀਤਾ ਹੈ ਜਿਸ ਦਾ ਨੋਟਿਸ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਸਮੇਂ-ਸਮੇਂ 'ਤੇ ਲਿਆ ਤਾਂ ਹੈ ਪਰ ਕਾਰਵਾਈ ਕੋਈ ਨਹੀਂ ਕੀਤੀ। ਕਈ ਸਾਲਾਂ ਤੋਂ ਸਬ ਕਮੇਟੀਆਂ ਹੀ ਬਣੀ ਜਾਂਦੀਆਂ ਹਨ। ਹੁਣ ਜਦ ਸ. ਪੁਰਸ਼ੋਤਮ ਸਿੰਘ ਫੱਗੂਵਾਲਾ ਨੇ ਲੰਮੇਂ ਸਮੇਂ ਦੀ ਉਡੀਕ ਤੋਂ ਬਾਅਦ ਮਰਨ ਵਰਤ ਰੱਖ ਕੇ ਇਸ ਮੁੱਦੇ ਵਲ ਕੌਮ ਦਾ ਧਿਆਨ ਖਿਚਿਆ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਕ ਹੋਰ ਸਬ ਕਮੇਟੀ ਦਾ ਗਠਨ ਕਰ ਕੇ ਮਸਲੇ ਨੂੰ ਹੋਰ ਲਮਕਾਉਣ ਦੀ ਗੰਭੀਰ ਸਾਜ਼ਸ਼ ਰਚ ਦਿਤੀ। ਸਬ ਕਮੇਟੀ ਤਾਂ ਇਸ ਲਈ ਬਣਨੀ ਚਾਹੀਦੀ ਹੈ ਕਿ ਹੁਣ ਤਕ ਕੋਈ ਕਾਰਵਾਈ ਨਾ ਹੋਣ ਪਿੱਛੇ ਕੌਣ-ਕੌਣ ਸ਼ਾਮਲ ਹੈ। ਜਲਾਵਤਨ ਸਿੱਖ ਆਗੂ ਸ. ਗਜਿੰਦਰ ਸਿੰਘ ਨੇ ਮਾਲਵੇ ਦੇ ਹਰਿਮੰਦਰ ਤੇ ਚਿੰਤਾ ਪ੍ਰਗਟਾਈ ਹੈ। ਅੱਜ ਈਮੇਲ ਰਾਹੀਂ ਭੇਜੇ ਇਕ ਪੱਤਰ ਵਿਚ ਗਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਕੁੱਝ ਸਮੇਂ ਤੋਂ ਸਿੱਖੀ ਵਿਚ ਡੇਰੇ ਤੇ ਬਾਬੇ ਮਜ਼ਬੂਤ ਹੋ ਰਹੇ ਹਨ, ਹੌਲੀ-ਹੌਲੀ ਸੱਭ ਨੇ ਅਪਣੇ-ਅਪਣੇ 'ਦਰਬਾਰ ਸਾਹਿਬ' ਬਣਾਉਣੇ ਹਨ। ਉਨ੍ਹਾਂ ਕਿਹਾ ਕਿ ਇਹ ਅੱਜ ਦੇ ਸਿੱਖਾਂ ਲਈ ਇਕ ਵੱਡਾ ਸਵਾਲ ਇਹ ਹੈ ਕਿ ਡੇਰੇ ਤੇ ਬਾਬੇ ਮਜ਼ਬੂਤ ਕਰਨੇ ਹਨ ਜਾਂ ਸਿੱਖ ਕੌਮ ਨੂੰ ਮਜ਼ਬੂਤ ਕਰਨਾ ਹੈ? ਇਹੋ ਜਿਹੇ ਸਾਰੇ ਕੰਮਾਂ ਦਾ ਮਤਲਬ ਖ਼ਾਲਸਾ ਪੰਥ ਦੀ ਵਿਲੱਖਣ ਕੌਮੀ ਹੋਂਦ ਨੂੰ ਮਲੀਆਮੇਟ ਕਰ ਕੇ ਹਿੰਦੂਤਵੀ ਰਾਸ਼ਟਰੀ ਧਾਰਾ ਵਿਚ ਜਜ਼ਬ ਕਰਨਾ ਹੈ ਤਾਕਿ ਭਵਿੱਖ ਵਿਚ ਸਿੱਖ ਕੌਮ ਵਿਚ ਆਜ਼ਾਦ ਦੇਸ਼ ਦੀ ਲਹਿਰ ਦੇ ਉਠਣ ਦੀਆਂ ਸਾਰੀਆਂ ਸੰਭਾਵਨਾਵਾਂ ਹੀ ਖ਼ਤਮ ਕਰ ਦਿਤੀਆਂ ਜਾਣ।