
ਤਰਨਤਾਰਨ, 9 ਫ਼ਰਵਰੀ (ਚਰਨਜੀਤ ਸਿੰਘ): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀਆਂ ਦੀਆਂ ਚਲ ਰਹੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਲੰਮੀ ਸੋਚ ਵਿਚਾਰ ਤੋਂ ਬਾਅਦ ਤਿਆਰ ਕਰ ਕੇ ਪੰਥ ਨੇ ਲਾਗੂ ਕੀਤੀ ਸੀ, ਇਸ ਲਈ ਇਸ ਵਿਚ ਸੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਰਹਿਤ ਮਰਿਆਦਾ ਵਿਚ ਸੋਧ ਕਰਨ ਦੀ ਲੋੜ ਹੈ ਤਾਂ ਉਹ ਖ਼ਾਲਸਾ ਪੰਥ ਜੁੜ ਕੇ ਵਿਚਾਰ ਕਰ ਕੇ ਵੀ ਸੋਧ ਕਰ ਸਕਦਾ ਹੈ, ਇਕ ਇਕਲਾ ਵਿਅਕਤੀ ਇਸ ਮਾਮਲੇ 'ਤੇ ਕੁੱਝ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਰਹਿਤ ਮਰਿਆਦਾ 'ਤੇ ਵਿਚਾਰ ਕਰਨ ਦਾ ਸਵਾਲ ਹੀ ਪੈਦਾ ਨਹੀ ਹੁੰਦਾ।
ਮਾਲਵੇ ਵਿਚ ਬਣ ਰਹੀ ਦਰਬਾਰ ਸਾਹਿਬ ਦੀ ਨਕਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 'ਮਾਲਵੇ ਵਿਚ ਹਰਿਮੰਦਰ' ਮਾਮਲੇ 'ਤੇ ਛੇਤੀ ਹੀ ਇਕ ਕਮੇਟੀ ਇਮਾਰਤ ਦਾ ਦੌਰਾ ਕਰੇਗੀ ਤੇ ਸਾਰੇ ਮਾਮਲੇ ਦੀ ਰੀਪੋਰਟ ਅਕਾਲ ਤਖ਼ਤ 'ਤੇ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਅਕਾਲ ਤਖ਼ਤ ਨੇ 2009 ਵਿਚ ਹੀ ਅਪਣਾ ਫ਼ੈਸਲਾ ਦੇ ਦਿਤਾ ਸੀ, ਇਸ ਦੇ ਬਾਵਜੂਦ ਇਮਾਰਤ ਦਾ ਨਿਰਮਾਨ ਕਿਵੇਂ ਜਾਰੀ ਹੈ, ਇਸ ਦੀ ਜਾਂਚ ਕੀਤੀ ਜਾਵੇਗੀ।