
ਨਵੀਂ
ਦਿੱਲੀ, 17 ਸਤੰਬਰ (ਸੁਖਰਾਜ ਸਿੰਘ): ਕੌਮੀ ਰਾਜਧਾਨੀ ਵਿਖੇ ਨਵੰਬਰ 1984 ਵਿਚ ਹੋਏ
ਸਿੱਖ ਕਤਲੇਆਮ ਦੌਰਾਨ ਤਿੰਨ ਭਰਾਵਾਂ ਸਮੇਤ ਅਪਣਾ ਕਾਰੋਬਾਰ ਤੇ ਘਰਬਾਰ ਗੁਆ ਚੁਕੇ ਅਤੇ
ਸੱਜਣ ਕੁਮਾਰ ਵਿਰੁਧ ਮੁੱਖ ਗਵਾਹ ਸ. ਜਗਸ਼ੇਰ ਸਿੰਘ ਮੱਲੀ ਨੇ ਸਪੋਕਸਮੈਨ ਨਾਲ ਗੱਲਬਾਤ
ਕਰਦਿਆਂ ਹੋਇਆਂ ਦਸਿਆ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਮਰੀਕਾ
ਯੂਨੀਵਰਸਟੀ ਵਿਖੇ ਦਿਤੇ ਗਏ ਬਿਆਨ ਕਿ “ਮੈਨੂੰ 1984 ਦੌਰਾਨ ਹੋਏ ਦੰਗਿਆਂ ਵਿਚ ਮਾਰੇ ਗਏ
ਪਰਵਾਰਾਂ ਨਾਲ ਹਮਦਰਦੀ ਹੈ” ਸਰਾਸਰ ਇਕ ਢੌਂਗ ਹੈ ਅਤੇ ਇਹ ਸੱਭ ਇਨ੍ਹਾਂ ਦੇ ਮਗਰਮੱਛ ਦੇ
ਹੰਝੂ ਹਨ ਤੇ ਭਵਿੱਖ ਵਿਚ ਆ ਰਹੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ “ਮੇਰੀ ਦਾਦੀ ਤੇ ਪਿਤਾ ਹਿੰਸਾ ਦੇ ਸ਼ਿਕਾਰ ਹੋਏ ਸਨ”, ਉਹ ਹਿੰਸਾ ਦੇ ਸ਼ਿਕਾਰ ਨਹੀਂ ਹੋਏ ਸਗੋਂ ਉਨ੍ਹਾਂ ਇਕ ਬਹੁਤ ਵੱਡੀ ਸਾਜ਼ਸ਼ ਅਧੀਨ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਚਾਲ ਚਲੀ ਸੀ ਉਸ ਦੀ ਛੋਟੀ ਜਿਹੀ ਸਜ਼ਾ ਹੀ ਮਿਲੀ ਸੀ। ਉਨ੍ਹਾਂ ਕਿਹਾ ਕਿ 1984 ਦੇ ਮੁੱਖ ਦੋਸ਼ੀ ਉਸ ਸਮੇਂ ਤੋਂ ਲੈ ਕੇ ਅੱਜ ਤਕ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਅਤੇ ਕਿੰਨੇ ਹੀ ਕਾਂਗਰਸੀ ਨੇਤਾ ਅੱਜ ਵੀ ਇਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਹਨ। ਇਨ੍ਹਾਂ ਲੀਡਰਾਂ ਵਲੋਂ ਕੀਤੀ ਸਿੱਖਾਂ ਦੀ ਨਸਲਕੁਸ਼ੀ ਦੀ ਬਦੌਲਤ ਕਾਂਗਰਸ ਹਾਈ ਕਮਾਂਡ ਵਲੋਂ ਇਨ੍ਹਾਂ ਨੂੰ ਬਚਾਇਆ ਗਿਆ ਹੈ। ਜਗਸ਼ੇਰ ਸਿੰਘ ਮੱਲੀ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਵੀ ਲੀਡਰ ਦਾ ਨਾਮ ਦਸ ਦੇਣ ਜਿਸ ਨੂੰ 1984 ਦੇ ਮਾਮਲੇ ਵਿਚ ਸਜ਼ਾ ਹੋਣੀ ਤੇ ਦੂਰ ਦੀ ਗੱਲ ਹੈ ਇਕ ਦਿਨ ਵੀ ਜੇਲ ਜਾਣਾ ਪਿਆ ਹੋਵੇ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਅਪਣੀ
ਦਾਦੀ ਤੇ ਪਿਉ ਦੇ ਮਾਰੇ ਜਾਣ ਦਾ ਦੁੱਖ ਹੈ ਪਰ ਉਸ ਨੇ 1984 ਵਿਚ ਉਜੜੇ ਪਰਵਾਰਾਂ ਦਾ ਹਾਲ
ਵੀ ਜਾਣਿਆ ਹੈ ਕਦੇ। ਸ. ਮੱਲੀ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੱਚਮੁਚ ਹੀ 1984 ਦੇ
ਪਰਵਾਰਾਂ ਨਾਲ ਹਮਦਰਦੀ ਰੱਖਦੇ ਹਨ ਤਾਂ ਤੁਰਤ ਸਿੱਖ ਨਸਲਕੁਸ਼ੀ ਨਾਲ ਸਬੰਧਤ ਕਾਂਗਰਸੀ
ਆਗੂਆਂ ਨੂੰ ਪਾਰਟੀ 'ਚੋਂ ਲਾਂਭੇ ਕਰਨ ਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤ
ਪਰਵਾਰਾਂ ਨਾਲ ਮਿਲ ਕੇ ਇਨਸਾਫ਼ ਲਈ ਉਨ੍ਹਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਗਾਉਣ ਲਈ ਅੱਗੇ ਆਉਣ।