
ਨਵੀਂ ਦਿੱਲੀ, 22 ਅਕਤੂਬਰ (ਅਮਨਦੀਪ ਸਿੰਘ): ਦਿੱਲੀ ਵਿਚ ਰਾਸ਼ਟਰੀ ਸਿੱਖ ਸੰਗਤ ਵਲੋਂ 25 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਦੇ ਕਰਵਾਏ ਜਾ ਰਹੇ ਸਮਾਗਮ ਨੂੰ ਲੈ ਕੇ, ਸ਼੍ਰੋਮਣੀ ਅਕਾਲੀ ਦਲ ਬਾਦਲ ਨਵੇਂ ਧਰਮ ਸੰਕਟ ਵਿਚ ਫੱਸ ਗਿਆ ਹੈ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰੀ ਸਿੱਖ ਸੰਗਤ ਤੋਂ ਦੂਰੀ ਬਣਾ ਕੇ ਰੱਖਣ ਦਾ ਇਸ਼ਾਰਾ ਦੇ ਦਿਤਾ ਹੋਇਆ ਹੈ। ਦਿੱਲੀ ਗੁਰਦਵਾਰਾ ਕਮੇਟੀ ਦੇ ਇਕ ਮੈਂਬਰ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ 'ਸਪੋਕਸਮੈਨ' ਕੋਲ ਪ੍ਰਗਟਾਵਾ ਕੀਤਾ ਕਿ ਪਿਛਲੇ ਦਿਨੀਂ ਸ.ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਣੇ ਹੋਰ ਕਮੇਟੀ ਮੈਂਬਰਾਂ ਨੂੰ ਸੱਦ ਕੇ, ਸਪਸ਼ਟ ਹਦਾਇਤ ਦੇ ਦਿਤੀ ਹੈ ਕਿ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਵਿਚ ਦਿੱਲੀ ਕਮੇਟੀ ਦਾ ਕੋਈ ਅਹੁਦੇਦਾਰ ਸ਼ਾਮਲ ਨਹੀਂ ਹੋਵੇਗਾ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਦਿੱਲੀ ਗੁਰਦਵਾਰਾ ਕਮੇਟੀ ਦੇ ਕਈ ਭਾਜਪਾ ਪੱਖੀ ਮੈਂਬਰਾਂ ਸਣੇ ਹੋਰ ਵੀ ਸਮਾਗਮ ਵਿਚ ਸ਼ਿਰਕਤ ਕਰਨ ਤੇ ਸਿੱਖਾਂ ਨੂੰ ਭੇਜਣ ਵਾਸਤੇ ਤਿਆਰ ਹਨ, ਪਰ ਸ.ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਪਿੱਛੋਂ ਵੇਖਣਾ ਹੋਵੇਗਾ ਕਿ ਦਿੱਲੀ ਕਮੇਟੀ ਮੈਂਬਰ ਸਮਾਗਮ ਬਾਰੇ ਕੀ ਰੁਖ਼ ਅਖ਼ਤਿਆਰ ਕਰਦੇ ਹਨ। ਇਹ ਵੀ ਅਹਿਮ ਗੱਲ ਹੋਵੇਗੀ ਕਿ ਜੇ ਬਾਦਲ ਦਲ ਸਮਾਗਮ ਵਿਚ ਸ਼ਾਮਲ ਨਹੀਂ ਹੁੰਦਾ ਤਾਂ ਇਸ ਦਾ ਭਾਜਪਾ ਤੇ ਆਰ.ਐਸ.ਐਸ. ਨਾਲ ਰਿਸ਼ਤਿਆਂ ਵਿਚ ਕੀ ਅਸਰ ਪਵੇਗਾ।ਭਾਵੇਂ ਪੰਥਕ ਹਲਕਿਆਂ ਵਿਚ ਇਸ ਸਮਾਗਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਰਾਸ਼ਟਰੀ ਸਿੱਖ ਸੰਗਤ ਦੇ ਇਸ ਦਾਅਵੇ 'ਤੇ ਪੂਰੀ ਤਰ੍ਹਾਂ ਮੋਹਰ ਲਾ ਦਿਤੀ ਹੈ ਕਿ ਸਾਲ 2004 ਵਿਚ ਇਸ ਜਥੇਬੰਦੀ ਵਿਰੁਧ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਗਿਆ। ਭਾਵੇਂ ਕਿ ਹਰ ਛੋਟੇ ਮਸਲੇ 'ਤੇ ਪ੍ਰੈੱਸ ਸੱਦ ਕੇ ਬਿਆਨ ਦੇਣ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਇਸ ਮੁੱਦੇ 'ਤੇ ਪਹਿਲੇ ਦਿਨ ਤੋਂ ਮੌਨ ਧਾਰ ਕੇ ਬੈਠੀ ਹੋਈ ਹੈ ਤੇ ਅਪਣੇ ਦੋ ਅਹੁਦੇਦਾਰਾਂ ਨੂੰ ਅੱਗੇ ਕਰ ਕੇ, ਕਮੇਟੀ ਨੇ ਨੱਪੇ ਤੁਲੇ ਬਿਆਨ ਦੇ ਕੇ, ਅਕਾਲ ਤਖ਼ਤ ਦੇ ਹੁਕਮਨਾਮੇ ਦਾ ਹਵਾਲਾ ਦੇ ਕੇ, ਅਪਣਾ ਅਕਸ ਬਚਾਉਣ ਦੀ ਹੀ ਨੀਤੀ ਅਪਣਾਈ ਹੈ, ਪਰ ਹੁਣ ਤੱਕ ਕਮੇਟੀ ਨੇ ਕੋਈ ਅਧਿਕਾਰਤ ਬਿਆਨ ਜਾਰੀ ਕਰਨ ਤੋਂ ਟਾਲਾ ਹੀ ਵੱਟ ਕੇ ਰੱਖਿਆ ਹੋਇਆ ਹੈ ਜਿਸ ਤੋਂ ਪੰਥਕ ਹਲਕੇ ਹੈਰਾਨ ਹਨ।ਭਾਵੇਂ ਦਿੱਲੀ ਕਮੇਟੀ ਵੀ ਅਕਾਲ ਤਖ਼ਤ ਦੇ 2004 ਦੇ ਹੁਕਮਨਾਮੇ ਦਾ ਹਵਾਲਾ ਦੇ ਰਹੀ ਹੈ, ਪਰ ਹਾਸੋਹੀਣੀ ਗੱਲ ਹੈ ਕਿ ਜਿਸ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦੇ ਮੁੱਦੇ 'ਤੇ ਦਿੱਲੀ ਗੁਰਦਵਾਰਾ ਕਮੇਟੀ ਪੂਰੀ ਤਰ੍ਹਾਂ ਬਚਾਅ ਦੀ ਨੀਤੀ ਅਪਣਾ ਰਹੀ ਹੈ, ਉਸੇ ਹੀ ਰਾਸ਼ਟਰੀ ਸਿੱਖ ਸੰਗਤ ਨੇ ਦਸੰਬਰ 2014 ਦੇ ਅਖ਼ੀਰ ਵਿਚ ਇਕ ਅਧਿਕਾਰਤ ਬਿਆਨ ਤੇ ਫ਼ੋਟੋ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਰਾਸ਼ਟਰੀ ਸਿੱਖ ਸੰਗਤ ਨੇ ਸਿੱਖ ਜਥੇਬੰਦੀਆਂ,
ਜਿਨ੍ਹਾਂ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਸਣੇ ਗੁਰਮਤਿ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਉਦੋਂ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਣੇ ਰਾਸ਼ਟਰੀ ਸਿੱਖ ਸੰਗਤ ਦੇ ਸਰਪ੍ਰਸਤ ਸ.ਚਿਰੰਜੀਵ ਸਿੰਘ, ਪ੍ਰਧਾਨ ਗੁਰਚਰਨ ਸਿੰਘ ਗਿੱਲ, ਮੀਡੀਆ ਮੁਖੀ ਡਾ.ਅਵਤਾਰ ਸਿੰਘ ਸ਼ਾਸਤਰੀ ਆਦਿ ਸ਼ਾਮਲ ਸਨ, ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਵਾਉੇਣ ਵਿਚ ਅਹਿਮ ਰੋਲ ਨਿਭਾਇਆ ਹੈ। ਬਕਾਇਦਾ ਮੁੱੁਖ ਤੌਰ 'ਤੇ ਇਹ ਖ਼ਬਰ ਪ੍ਰਿੰਟ ਮੀਡੀਆ ਵਿਚ ਪ੍ਰਕਾਸ਼ਤ ਵੀ ਹੋਈ ਸੀ। ਇਸ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਨੂੰ ਭਾਜਪਾ ਸਣੇ ਰਾਸ਼ਟਰੀ ਸਿੱਖ ਸੰਗਤ ਨਾਲ ਰਿਸ਼ੇ ਨਿਭਾਉਣ ਵਿਚ ਦਿੱਕਤ ਨਹੀਂ ਹੁੰਦੀ ਆਈ, ਭਾਵੇਂ ਹੁਣ ਅਕਾਲੀ ਦਲ ਟਾਵਾ ਵੱਟ ਰਿਹਾ ਹੈ।ਇਸਦੇ ਉਲਟ ਹਾਲ ਦੀ ਘੜੀ ਪੰਥਕ ਹਲਕੇ ਵੀ ਇਸ ਗੱਲ 'ਤੇ ਨਜ਼ਰ ਟਿਕਾਅ ਕੇ ਬੈਠੇ ਹੋਏ ਹਨ ਕਿ ਸਿੱਖਾਂ ਦੀ ਦੂਜੀ ਵੱਡੀ ਜਥੇਬੰਦੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜੋ ਆਮ ਹੀ ਭਾਜਪਾ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ, ਉਹ ਹੁਣ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਵਿਚ ਜਾਂਦੇ ਹਨ ਜਾਂ ਨਹੀਂ। ਭਾਵੇਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਇਸ ਸਮਾਗਮ ਤੋਂ ਦੂਰੀ ਬਣਾਉਣ ਦੇ ਸੰਕੇਤ ਦਿਤੇ ਜਾ ਚੁਕੇ ਹਨ ਤੇ ਸ.ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦਿਨੀਂ 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਸਮਾਗਮ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਨੂੰ ਲੈ ਕੇ, ਅਪਣਾ ਬਚਾਅ ਕਰਦੇ ਹੋਏ ਨੱਪੇ ਤੁਲੇ ਸ਼ਬਦਾਂ ਵਿਚ ਸਮਾਗਮ ਤੋਂ ਕਿਨਾਰਾ ਕਰ ਲੈਣ ਦੀ ਗੱਲ ਆਖ ਦਿਤੀ ਸੀ, ਪਰ ਬਾਵਜੂਦ ਇਸ ਦੇ ਭਾਜਪਾ ਦੇ ਪੁਰਾਣੇ ਮੈਂਬਰ ਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਮੌਜੂਦਾ ਮੈਂਬਰ ਸ.ਕੁਲਵੰਤ ਸਿੰਘ ਬਾਠ ਭਾਜਪਾ ਸਿੱਖ ਸੈੱਲ ਦੀਆਂ ਉਨ੍ਹਾਂ ਬੈਠਕਾਂ ਜਿਨ੍ਹਾਂ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਸਨ, ਵਿਚ ਸ਼ਾਮਲ ਹੋ ਚੁਕੇ ਹਨ। ਹਾਸੋਹੀਣੀ ਗੱਲ ਇਹ ਵੀ ਹੈ ਕਿ ਜਿਥੇ ਅਕਾਲੀ ਦਲ ਦੇ ਕੋਟੇ ਵਿਚੋਂ ਭਾਜਪਾ ਦੇ ਚੋਣ ਨਿਸ਼ਾਨ ਕਮਲ 'ਤੇ ਚੋਣ ਲੜ ਕੇ ਕੌਂਸਲਰ ਬਣੇ ਸ.ਪਰਮਜੀਤ ਸਿੰਘ ਰਾਣਾ ਜੋ ਕਿ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੀ ਚੇਅਰਮੈਨ ਹਨ, ਇਕ ਨਿਜੀ ਚੈਨਲ ਨਾਲ ਖੁਲ੍ਹ ਕੇ, ਗੱਲਬਾਤ ਕਰਨ ਦੀ ਬਜਾਏ ਰਾਸ਼ਟਰੀ ਸਿੱਖ ਸੰਗਤ ਦੇ 2004 ਦੇ ਹੁਕਮਨਾਮੇ ਦਾ ਹਵਾਲਾ ਦੇ ਕੇ, ਹੁਕਮਨਾਮੇ 'ਤੇ ਪਹਿਰਾ ਦੇਣ ਦੀ ਗੱਲ ਆਖ ਚੁਕੇ ਹਨ, ਉਥੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੀ 2004 ਦੇ ਹੁਕਮਨਾਮੇ ਨੂੰ ਖ਼ਾਰਜ ਹੋਇਆ ਆਖ ਰਹੇ ਹਨ।