
ਕੋਟਕਪੂਰਾ, 30 ਨਵੰਬਰ (ਗੁਰਿੰਦਰ ਸਿੰਘ): 'ਰੋਜ਼ਾਨਾ ਸਪੋਕਸਮੈਨ' ਦੇ ਸੰਘਰਸ਼ਮਈ ਤੇ ਔਕੜਾਂ ਨਾਲ ਭਰਪੂਰ ਪਰ ਸਫ਼ਲਤਾਪੂਰਵਕ 12 ਸਾਲ ਪੂਰੇ ਹੋਣ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦੀ ਖ਼ੁਸ਼ੀ 'ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ 'ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ ਜਿਸ ਤਰ੍ਹਾਂ 'ਰੋਜ਼ਾਨਾ ਸਪੋਕਸਮੈਨ' ਵਿਰੁਧ ਚਹੁੰਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ 'ਤੇ ਪਾਬੰਦੀ, ਪੰਥ 'ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿਕ ਪਰ ਫ਼ਿਰ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਨੇ ਦਾਅਵਾ ਕੀਤਾ ਕਿ ਪੰਥ ਦੀ ਅਵਾਜ਼ ਬਣ ਚੁੱਕੇ ਸਪੋਕਸਮੈਨ ਨੇ 12 ਸਾਲ ਪਹਿਲਾਂ ਜਦ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰੇਕ ਕੁਹਾੜਾ ਝਲਦਾ ਆ ਰਿਹਾ ਹੈ ਪਰ ਈਨ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਵਲੋਂ ਆਰੰਭੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਪ੍ਰਾਜੈਕਟ ਨੂੰ ਮੁਕੰਮਲ ਹੋਣ 'ਚ ਵੀ ਜਲਦ ਸਫ਼ਲਤਾ ਮਿਲੇ।
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਪੁਜਾਰੀਵਾਦ ਨੇ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਦੀ ਬਜਾਇ ਢਹਿੰਦੀ ਕਲਾ ਦਾ ਰੋਲ ਨਿਭਾਇਆ ਹੈ ਤੇ ਪੰਥ ਦੀ ਬੇੜੀ 'ਚ ਵੱਟੇ ਹੀ ਪਾਏ ਹਨ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਡੇਰਾਵਾਦ, ਪਾਖੰਡਵਾਦ, ਗੰਦੀ ਰਾਜਨੀਤੀ, ਕਰਮਕਾਂਡ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਕੋਝੇ ਹੱਥਕੰਡਿਆਂ ਨੂੰ ਬੇਨਕਾਬ ਕਰਨ ਲਈ ਜੋ ਰੋਲ ਨਿਭਾਇਆ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਨੀ ਥੋੜੀ ਹੈ ਕਿਉਂਕਿ ਪੁਜਾਰੀਵਾਦ ਮੁੱਢ ਕਦੀਮ ਤੋਂ ਹੀ ਮਨੁੱਖਤਾ ਦਾ ਨੁਕਸਾਨ ਕਰਦਾ ਆ ਰਿਹਾ ਹੈ।ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਪੋਕਸਮੈਨ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ 'ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ, ਇਹ ਸਪੋਕਸਮੈਨ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਕਿ ਦਬੇ-ਕੁਚਲੇ ਲੋਕਾਂ ਦੀਆਂ ਖ਼ਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰ ਅਖ਼ਬਾਰਾਂ ਨੂੰ ਵੀ ਗ਼ਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿਤਾ।
ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿੱਤ ਸਿੰਘ ਦੀ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਪਹਿਲੀ ਵਾਰ ਸ. ਜੋਗਿੰਦਰ ਸਿੰਘ ਦੇ ਰੂਪ 'ਚ ਕਿਸੇ ਨਿਧੜਕ ਵਿਅਕਤੀ ਨੇ ਪੁਜਾਰੀਵਾਦ ਵਿਰੁਧ ਬੋਲਣ ਅਤੇ ਸਟੈਂਡ ਲੈਣ ਦੀ ਜੁਰਅੱਤ ਕੀਤੀ ਹੈ। ਸ. ਜੋਗਿੰਦਰ ਸਿੰਘ ਵਲੋਂ ਦਸਮ ਗੰ੍ਰਥ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਸਿਧਾਂਤ, ਸਿੱਖੀ ਦੇ ਨਿਆਰੇਪਨ, ਗੁਰਦਵਾਰਾਰੂਪੀ ਡੇਰਿਆਂ, ਅੰਧਵਿਸ਼ਵਾਸ, ਕਰਮਕਾਂਡ ਅਤੇ ਪੰਥ 'ਚ ਘੁਸੋੜ ਦਿਤੀਆਂ ਮਨਮੱਤਾਂ, ਫ਼ਜ਼ੂਲ ਰਸਮਾਂ ਅਤੇ ਝੂਠੀਆਂ ਸਾਖੀਆਂ ਬਾਰੇ ਲਿਆ ਗਿਆ ਸਟੈਂਡ ਪ੍ਰਸ਼ੰਸਾਯੋਗ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਅਨੁਸਾਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ 'ਚ ਰੋਜ਼ਾਨਾ ਸਪੋਕਸਮੈਨ ਇਕ ਅਜਿਹਾ ਅਖ਼ਬਾਰ ਸਾਬਤ ਹੋਇਆ ਹੈ ਜਿਸ ਨੂੰ ਸਿੱਖ ਮੁਖੌਟੇ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ, ਡੇਰੇਦਾਰਾਂ ਤੇ ਪੁਜਾਰੀਆਂ ਨੇ ਬੰਦ ਕਰਾਉਣ ਲਈ ਹਰ ਹੋਛਾ ਹੱਥਕੰਡਾ ਵਰਤਿਆ, ਸ਼ਰਮਨਾਕ ਹਰਕਤਾਂ ਤੇ ਸਰਕਾਰੀ ਕੁਹਾੜੇ ਦੇ ਬਾਵਜੂਦ ਵੀ ਸਪੋਕਸਮੈਨ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ। ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਮੁਤਾਬਕ ਰੋਜ਼ਾਨਾ ਸਪੋਕਸਮੈਨ ਨੂੰ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈਆਂ ਸਮੇਤ ਜਾਗਰੂਕ ਸਮਾਜ ਦਾ ਹਰ ਇਕ ਨਾਗਰਿਕ ਰੋਜ਼ਾਨਾ ਪੜ੍ਹਨ ਦੀ ਉਡੀਕ 'ਚ ਰਹਿੰਦਾ ਹੈ। ਇਸ ਦੀ ਉਡੀਕ 'ਚ ਈਰਖਾਲੂ, ਵਿਰੋਧੀਆਂ ਦੀ ਵੀ ਲੰਮੀ ਕਤਾਰ ਵੇਖੀ ਜਾ ਸਕਦੀ ਹੈ ਕਿਉਂਕਿ ਲੋਕਾਂ ਨੂੰ ਭਾਵੇਂ ਪੁਜਾਰੀ ਵਰਗ ਰੋਜ਼ਾਨਾ ਸਪੋਕਸਮੈਨ ਨਾ ਪੜ੍ਹਨ ਲਈ ਕਹੇ ਪਰ ਆਪ ਸਪੋਕਸਮੈਨ ਅਖ਼ਬਾਰ ਦਾ ਦੀਵਾਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਖ਼ਬਾਰ ਪੰਥ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਾਉਣ, ਡੇਰਾਵਾਦ ਵਿਰੁੱਧ ਜੇਹਾਦ ਛੇੜਨ, ਜ਼ੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਯਤਨ, ਧਰਮੀ ਫ਼ੌਜੀਆਂ ਦੀਆਂ ਸਮੱਸਿਆਵਾਂ, ਪੰਥ ਵਿਰੋਧੀ ਸ਼ਕਤੀਆਂ ਨੂੰ ਧੂੜ ਚਟਾਉਣ ਅਤੇ ਦੁਖੀਆਂ ਤੇ ਜਰੂਰਤਮੰਦਾਂ ਦੀ ਅਵਾਜ਼ ਬਣਨ 'ਚ ਹਮੇਸ਼ਾਂ ਮੋਹਰੀ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਵਿਰੋਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ ਸਪੋਕਸਮੈਨ ਰਾਹੀਂ ਜਾਗਰੂਕ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਦੀਆਂ ਸੰਪਾਦਕੀਆਂ ਅਤੇ ਸੰਪਾਦਕੀ ਪੰਨੇ 'ਤੇ ਪ੍ਰਕਾਸ਼ਤ ਹੁੰਦੇ ਲੇਖ਼ਾਂ 'ਚ ਅਹਿਮ ਮੁੱਦੇ ਉਭਾਰੇ ਜਾਂਦੇ ਹਨ ਅਤੇ ਸਪੋਕਸਮੈਨ ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਪ੍ਰਸੰਸਕਾਂ ਵੱਲੋਂ ਹਰ ਮਸਲੇ ਦੀ ਤਹਿ ਤੱਕ ਜਾ ਕੇ, ਸਬੰਧਤ ਮੁੱਦੇ ਦਾ ਹੱਲ ਵੀ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਤਰਕਾਰਤਾ ਦੇ ਖੇਤਰ 'ਚ ਪੈਰ ਰਖਦਿਆਂ ਹੀ ਸਪੋਕਸਮੈਨ ਨੇ ਆਪਣੀਆਂ ਲਿਖ਼ਤਾਂ ਰਾਹੀਂ ਸਿੱਖ ਸਿਆਸਤ ਨੂੰ ਨਵਾਂ ਮੌੜ ਦਿਤਾ ਹੈ।ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਆਰਥਕ ਨਾਕੇਬੰਦੀ ਦੇ ਬਾਵਜੂਦ ਸਪੋਕਸਮੈਨ ਨੇ ਜਿਸ ਤਰ੍ਹਾਂ ਪੰਜਾਬ ਤੇ ਪੰਥ ਦੀਆਂ ਧਾਰਮਕ ਤੇ ਸਿਆਸੀ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਉਭਾਰਿਆ ਹੈ, ਉਸ ਦੀ ਮਿਸਾਲ ਆਧੁਨਿਕ ਯੁੱਗ ਮੀਡੀਆ 'ਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਭਾਵੇਂ ਅਖ਼ਬਾਰ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਅਕਾਲ ਤਖ਼ਤ ਦੇ ਨਾਂਅ 'ਤੇ ਅਖ਼ਬਾਰ ਨੂੰ ਨਾ ਪੜ੍ਹਨ ਦੇ ਫ਼ਤਵੇ ਜਾਰੀ ਕੀਤੇ ਗਏ ਪਰ ਫ਼ਤਵਿਆਂ ਦਾ ਉਲਟਾ ਅਸਰ ਹੋਇਆ ਤੇ ਸਪੋਕਸਮੈਨ ਪੰਥ ਦੀ ਆਵਾਜ਼ ਬਣ ਗਿਆ।
ਕਥਾਵਚਕ ਭਾਈ ਹਰਜੀਤ ਸਿੰਘ ਢਪਾਲੀ ਨੇ ਰੋਜ਼ਾਨਾ ਸਪੋਕਸਮੈਨ ਦੇ ਚੁਨੌਤੀਆਂ ਭਰੇ 12 ਸਾਲ ਪੂਰੇ ਹੋਣ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੇ ਇਹ ਅਖ਼ਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਤੇ ਬੇਟੀ ਨਿਮਰਤ ਕੌਰ ਵਲੋਂ ਪੰਥ ਦੀ ਚੜ੍ਹਦੀ ਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।ਮਿਸ਼ਨਰੀ ਪ੍ਰਚਾਰਕ ਗੁਰਜੰਟ ਸਿੰਘ ਰੂਪੋਵਾਲੀ ਨੇ ਸਪੋਕਸਮੈਨ ਦੇ 13ਵੇਂ ਸਾਲ 'ਚ ਦਾਖ਼ਲੇ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਦਾਰਾ ਸਪੋਕਸਮੈਨ ਹੋਰ ਅਡੋਲਤਾ ਤੇ ਨਿਰਭੈਤਾ ਸਹਿਤ ਬਾਬੇ ਨਾਨਕ ਦੇ ਦਰਸਾਏ ਉੱਚੇ-ਸੁੱਚੇ ਤੇ ਸਰਬ-ਸਾਂਝੇ ਆਦਰਸ਼ਾਂ ਨੂੰ ਪ੍ਰਚਾਰਨ ਲਈ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸਪੋਕਸਮੈਨ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆਂ ਭਰ 'ਚ ਫੈਲਾਉਣ ਦੀ ਭੂਮਿਕਾ ਨੂੰ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ।ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ੍ਹ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਜੋ ਢੰਗ-ਤਰੀਕਾ ਰੋਜ਼ਾਨਾ ਸਪੋਕਸਮੈਨ ਨੇ ਅਪਨਾਇਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਕਿਉਂਕਿ ਲੱਖਾਂ ਵਿਰੋਧੀ ਹਨੇਰੀਆਂ ਦੇ ਬਾਵਜੂਦ ਵੀ ਨਾ ਤਾਂ ਸ. ਜੋਗਿੰਦਰ ਸਿੰਘ ਨੇ ਅਪਣੀ ਕਲਮ ਦਾ ਸੰਤੁਲਨ ਗੁਆਚਣ ਦਿਤਾ ਤੇ ਨਾ ਹੀ ਲਾਲਚ ਵਾਲੇ ਪਾਸੇ ਝਾਕਿਆ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਅਖ਼ਬਾਰੀ ਦੁਨੀਆਂ 'ਚ ਕਈ ਲੋਕ ਮਾਲਾਮਾਲ ਹੋ ਰਹੇ ਹਨ, ਉਥੇ ਦੂਜੇ ਪਾਸੇ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਨੰਗੇ ਧੜ ਪੰਥ ਦੀ ਸੇਵਾ ਕਰਦਿਆਂ ਹਰ ਜਬਰ-ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ।
ਡਾ.ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਅਕਾਦਮਿਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁਤਾਬਕ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਪੰਜਾਬੀ ਦਾ ਇਕ ਅੰਤਰਰਾਸ਼ਟਰੀ ਪੱਧਰ ਦਾ ਅਖ਼ਬਾਰ ਸਿੱਖਾਂ ਦੀ ਝੋਲੀ ਪਾ ਕੇ ਅਤੇ ਉੱਚਾ ਦਰ ਬਾਬੇ ਨਾਨਕ ਦਾ ਵਰਗਾ ਅਲੋਕਾਰੀ ਪ੍ਰੋਜੈਕਟ ਆਰੰਭ ਕਰ ਕੇ ਸਾਬਤ ਕਰ ਦਿਤਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਹਰ ਕੰਮ ਸੰਭਵ ਹੈ। ਉਨ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਪ੍ਰਸ਼ੰਸਾ ਕੀਤੀ।ਭਾਈ ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ 'ਏਕਸ ਕੇ ਬਾਰਕ' ਨੇ ਦਸਿਆ ਕਿ ਰੋਜ਼ਾਨਾ ਸਪੋਕਸਮੈਨ ਹਿੰਦੀ, ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ੀ ਅਖ਼ਬਾਰਾਂ ਦੇ ਬਰਾਬਰ ਦਾ, ਕੌਮਾਂਤਰੀ ਪੱਧਰ 'ਤੇ ਸਿੱਖਾਂ ਦੀ ਤਰਜਮਾਨੀ ਕਰਨ ਵਾਲੀ ਬੇਲਾਗ ਅਵਾਜ਼ ਬਣ ਚੁੱਕਾ ਹੈ। ਉਨ੍ਹਾਂ ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਅਤੇ 'ਮੇਰੀ ਨਿਜੀ ਡਾਇਰੀ ਦੇ ਪੰਨੇ' ਕਾਲਮ ਦੀ ਪ੍ਰਸ਼ੰਸਾ ਕਰਦਿਆਂ ਦਸਿਆ ਕਿ ਸ. ਜੋਗਿੰਦਰ ਸਿੰਘ ਦੀ ਕਲਮ ਅੰਗਰੇਜ਼ੀ ਅਖ਼ਬਾਰਾਂ ਦੀ ਵੱਕਾਰੀ ਸੰਪਾਦਕੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰਖਦੀ ਹੈ।
ਨਾਮਵਰ ਪੱਤਰਕਾਰ ਤੇ ਉਘੇ ਲੇਖਕ ਹਰਦੀਪ ਸਿੰਘ ਨਿਮਾਣਾ ਮੁਤਾਬਕ ਰੋਜ਼ਾਨਾ ਸਪੋਕਸਮੈਨ ਨੇ ਚੁਨੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 12 ਸਾਲ ਪੂਰੇ ਕਰਨ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ ਰੋਜ਼ਾਨਾ ਸਪੋਕਸਮੈਨ ਨੇ ਹਮੇਸ਼ਾ ਪੰਥਕ ਹਿੱਤਾਂ, ਘੱਟ ਗਿਣਤੀਆਂ, ਦਲਿਤ, ਬੇਵੱਸ, ਲਾਚਾਰ, ਜਰੂਰਤਮੰਦ ਤੇ ਮਜ਼ਲੂਮ ਲੋਕਾਂ ਦਾ ਸਾਥ ਹੀ ਨਹੀਂ ਦਿਤਾ, ਬਲਕਿ ਉਨ੍ਹਾਂ ਦੀ ਢਾਲ ਵੀ ਬਣਿਆ।ਪ੍ਰਸਿੱਧ ਸਾਹਿਤਕਾਰ ਤੇ ਵਿਦੇਸ਼ੀ ਵਿਦਵਾਨ ਤਰਲੋਚਨ ਸਿੰਘ ਦੁਪਾਲਪੁਰ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਆਰਥਕ ਤੰਗੀਆਂ ਅਰਥਾਤ ਸਹੂਲਤਾਂ ਦੀ ਘਾਟ ਦੇ ਬਾਵਜੂਦ ਸਮਾਜ 'ਚ ਵੰਡੀਆਂ ਪਾਉਣ ਵਾਲੇ, ਅੰਧ-ਵਿਸ਼ਵਾਸ, ਕਰਮਕਾਂਡ ਤੇ ਵਹਿਮ-ਭਰਮ ਫੈਲਾਉਣ ਵਾਲੇ ਲੋਕਾਂ ਦੇ ਪਖੰਡ ਦਾ ਭਾਂਡਾ ਐਨ ਚੁਰਾਹੇ 'ਚ ਭੰਨਣ ਦੀ ਜੁਰਅੱਤ ਵਿਖਾਈ। ਰੋਜ਼ਾਨਾ ਸਪੋਕਸਮੈਨ ਦੇ ਸਿਰੜੀ, ਸੂਝਵਾਨ ਤੇ ਨਿਧੜਕ ਪ੍ਰਬੰਧਕਾਂ ਦੀ ਮਿਹਨਤ, ਇਮਾਨਦਾਰੀ ਤੇ ਲਗਨ ਸਦਕਾ ਅਖ਼ਬਾਰ ਦਾ ਸ਼ਾਨਦਾਰ ਇਕ ਦਹਾਕਾ ਪੂਰਾ ਹੋਣ ਦੀ ਪ੍ਰਬੰਧਕਾਂ, ਪੱਤਰਕਾਰਾਂ, ਪਾਠਕਾਂ ਤੇ ਸਮੂਹ ਸਟਾਫ਼ ਨੂੰ ਦੁਨੀਆਂ ਭਰ ਦੇ ਨਾਨਕ ਨਾਮਲੇਵਾ ਪ੍ਰਾਣੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਕਿਉਂਕਿ ਉਹ ਇਸ ਦੇ ਹੱਕਦਾਰ ਵੀ ਹਨ।
ਮਿਸ਼ਨਰੀ ਪ੍ਰਚਾਰਕ ਸੁਖਵਿੰਦਰ ਸਿੰਘ ਦਦੇਹਰ ਨੇ ਦਾਅਵਾ ਕੀਤਾ ਕਿ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ ਨੇ ਸੱਚ ਬੋਲਣ ਦਾ ਖਮਿਆਜਾ ਭੁਗਤਿਆ, ਹਕੂਮਤ ਦੇ ਜਬਰ ਦਾ ਕੁਹਾੜਾ ਵੀ ਝਲਿਆ, ਨਾ ਤਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਤੇ ਨਾ ਹੀ ਹਾਕਮਾਂ ਦੇ ਜ਼ੁਲਮ ਅੱਗੇ ਝੁਕਿਆ। ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਸੰਗਤਾਂ ਨੂੰ ਇਸ ਦਾ ਪੂਰਨ ਅਹਿਸਾਸ ਹੈ। ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ ਵੱਲੋਂ 11 ਸਾਲ ਨਿਡਰ ਤੇ ਦਲੇਰਾਨਾ ਪੱਤਰਕਾਰੀ ਕਰ ਕੇ ਸਮਾਜ ਨੂੰ ਨਵੀਂ ਸੇਧ ਦੇਣ ਦੀ ਪਹਿਲ ਕਦਮੀ ਕੀਤੀ ਹੈ। ਜਿਸ ਕਰ ਕੇ ਦੁਨੀਆਂ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਦਸਿਆ ਕਿ ਰੋਜ਼ਾਨਾ ਸਪੋਕਸਮੈਨ ਦੇ ਜਨਮ ਲੈਂਦਿਆਂ ਹੀ ਪੁਜਾਰੀਆਂ ਨੇ ਵੱਡਾ ਕੁਹਾੜਾ ਚਲਾ ਕੇ ਇਸ ਦੇ ਪ੍ਰਬੰਧਕਾਂ ਨੂੰ ਪੰਥ ਵਿਰੋਧੀ ਸਿੱਧ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਪਰ ਰੋਜ਼ਾਨਾ ਸਪੋਕਸਮੈਨ ਦਾ ਮਿਸ਼ਨ ਤੇ ਨਿਸ਼ਾਨਾ ਸੰਗਤਾਂ ਨੂੰ ਪਤਾ ਹੋਣ ਕਰ ਕੇ ਪੁਜਾਰੀਆਂ ਦਾ ਕੁਹਾੜਾ ਖੁੰਢਾ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਪ੍ਰੈੱਸ ਆਜ਼ਾਦ ਹੈ, ਦਾ ਹੋਕਾ ਦੇਣ ਵਾਲੇ ਹਾਕਮਾਂ ਨੇ ਰੋਜ਼ਾਨਾ ਸਪੋਕਸਮੈਨ ਦੀ ਪ੍ਰੈੱਸ ਦੀ ਆਜ਼ਾਦੀ ਨੂੰ ਜਿਸ ਤਰ੍ਹਾਂ ਕੁਚਲਿਆ ਤੇ ਮਧੋਲਿਆ, ਉਸ ਵਰਗੀ ਮਿਸਾਲ ਦੁਨੀਆਂ ਦੇ ਇਤਿਹਾਸ 'ਚ ਹੋਰ ਕਿਧਰੇ ਵੀ ਨਹੀਂ ਮਿਲਦੀ।ਅੰਤਰਰਾਸ਼ਟਰੀ ਢਾਡੀ ਜਥੇ ਦੇ ਮੁਖੀ ਭਾਈ ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਜਿਥੇ ਪੰਥਕ ਮੁਖੋਟੇ ਵਾਲੇ ਗੱਦਾਰਾਂ ਨੂੰ ਸੰਗਤਾਂ ਦੀ ਕਚਹਿਰੀ 'ਚ ਨੰਗਾ ਕਰਨ ਦੀ ਜੁਰਅੱਤ ਦਿਖਾਈ, ਉਥੇ ਇਸ ਦੇ ਪ੍ਰਬੰਧਕਾਂ ਨੇ ਹਕੂਮਤ ਨਾਲ ਟੱਕਰ ਲੈ ਕੇ ਡੇਰਾਵਾਦ, ਪਖੰਡਵਾਦ, ਪੁਜਾਰੀਵਾਦ ਸਮੇਤ ਹਰੇਕ ਪੰਥ ਵਿਰੋਧੀ ਸ਼ਕਤੀ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਵੀ ਦਿਤਾ। ਰੋਜ਼ਾਨਾ ਸਪੋਕਸਮੈਨ ਵਲੋਂ ਚੁਨੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 12 ਸਾਲ ਪੂਰੇ ਕਰਨ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦੀ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈ।