
ਕੋਟਕਪੂਰਾ, 9 ਮਾਰਚ (ਗੁਰਿੰਦਰ ਸਿੰਘ): ਪੰਥਕ ਕਾਰਜ ਕਰਨ ਵਾਲੀਆਂ ਧਾਰਮਕ ਜਥੇਬੰਦੀਆਂ ਨੂੰ ਉਤਸ਼ਾਹਤ ਕਰਨ, ਪੰਥਕ ਸਮਾਗਮਾਂ 'ਚ ਵਾਧਾ ਅਤੇ ਪੰਥਕ ਕਾਰਜਾਂ ਲਈ ਕੁਰਬਾਨੀਆਂ ਕਰਨ ਵਾਲੇ ਪਰਵਾਰਾਂ ਦੀ ਸਾਰ ਲੈਣ ਬਾਰੇ ਤਾਂ ਅਕਸਰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਬਿਆਨ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ ਪਰ ਪੰਥ 'ਤੇ ਬਣੀ ਭੀੜ ਮੌਕੇ ਪਾਵਨ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰਦਿਆਂ ਅਪਣੀਆਂ ਨੌਕਰੀਆਂ ਨੂੰ ਤਿਲਾਂਜਲੀ ਦੇ ਕੇ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਨੂੰ ਅਪਣੇ ਬਣਦੇ ਹੱਕ ਲੈਣ ਲਈ ਵੀ ਰਖਿਆ ਸੇਵਾਵਾਂ ਦਫ਼ਤਰਾਂ 'ਚ ਗੇੜੇ ਮਾਰ-ਮਾਰ ਕੇ ਅੱਕ ਚੁੱਕੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਇਨਸਾਫ਼ ਮਿਲ ਰਿਹਾ ਹੈ ਤੇ ਨਾ ਹੀ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ ਇਨ੍ਹਾਂ ਦੀ ਕੋਈ ਸਾਰ ਲਈ ਜਾ ਰਹੀ ਹੈ।
ਸਿੱਖ ਧਰਮੀ ਫ਼ੌਜੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਨੇ ਦਸਿਆ ਕਿ ਰਖਿਆ ਸੇਵਾਵਾਂ ਭਲਾਈ ਸ਼ਾਖਾ ਪੰਜਾਬ ਵਲੋਂ ਸਾਕਾ ਨੀਲਾ ਤਾਰਾ ਤੋਂ ਪ੍ਰਭਾਵਤ ਫ਼ੌਜੀਆਂ ਦੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਆਦਿ 'ਚ ਪੜ੍ਹਦੇ ਬੱਚਿਆਂ, ਪੌਤੇ-ਪੌਤਰੀਆਂ, ਦੋਹਤੇ-ਦੌਹਤਰੀਆਂ ਦੀ ਫ਼ੀਸ ਦੀ ਅਦਾਇਗੀ ਕੀਤੀ ਜਾਂਦੀ ਹੈ, ਜੋ ਪਿਛਲੇ ਦੋ ਸਾਲਾਂ ਤੋਂ ਲਗਭਗ 80 ਹਜ਼ਾਰ ਰੁਪਏ ਦੀ ਅਦਾਇਗੀ ਉਸ ਨੂੰ ਅਜੇ ਤਕ ਨਹੀਂ ਕੀਤੀ ਗਈ। ਇਸੇ ਤਰ੍ਹਾਂ ਇਕ ਹੋਰ ਧਰਮੀ ਫ਼ੌਜੀ ਸੁਰੈਣ ਸਿੰਘ ਪੱਖੀ ਦੀ ਵੀ ਸੁਣਵਾਈ ਨਹੀਂ ਹੋ ਰਹੀ। ਰਖਿਆ ਸੇਵਾਵਾਂ ਭਲਾਈ ਦਫ਼ਤਰ ਪੰਜਾਬ ਡਾਇਰੈਕਟਰ ਬ੍ਰਿਗੇਡੀਅਰ ਜਤਿੰਦਰ ਸਿੰਘ ਅਰੋੜਾ ਨੇ ਦਸਿਆ ਕਿ ਕਿਸੇ ਵੀ ਧਰਮੀ ਫ਼ੌਜੀ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਂਝ ਉਨ੍ਹਾਂ ਕਿਹਾ ਕਿ ਉਹ ਨਿਜੀ ਦਿਲਚਸਪੀ ਲੈ ਕੇ ਜਸਵੀਰ ਸਿੰਘ ਅਤੇ ਸੁਰੈਣ ਸਿੰਘ ਦਾ ਕੇਸ ਜ਼ਰੂਰ ਵਿਚਾਰਨਗੇ।