
ਸਰਹਿੰਦ, 23 ਫ਼ਰਵਰੀ (ਰਵਿੰਦਰ ਕੌਰ) ਬਲਾਕ ਖੇੜਾ ਅਧੀਨ ਆਉਂਦੇ ਪਿੰਡ ਬੋਰਾਂ ਵਿਖੇ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਪਿੰਡ ਦੇ ਗੁਰਦਵਾਰੇ ਦੇ ਗ੍ਰੰਥੀ ਦੀ ਸਹਿਮਤੀ ਨਾਲ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਜਦਕਿ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਕ ਮੜ੍ਹੀਆਂ, ਮਸਾਣਾਂ ਅਤੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿੰਡ ਬੋਰਾਂ ਦੀ ਸੰਗਤ ਨੇ ਦਸਿਆ ਕਿ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਫ਼ਤਿਹਗੜ੍ਹ ਸਾਹਿਬ ਗੁਰਦਵਾਰੇ ਦੇ ਪ੍ਰਬੰਧਕਾਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਸੀ ਪਰ ਪ੍ਰਬੰਧਕ ਦੇਰ ਨਾਲ ਪਹੁੰਚੇ ਜਿਸ ਕਾਰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ। ਇਸ ਸਬੰਧੀ ਗੱਲ ਕਰਨ 'ਤੇ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੋਰਾਂ ਵਿਖੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਜਾ ਰਹੇ ਹਨ।
ਉਨ੍ਹਾਂ ਨੇ ਤੁਰਤ ਇਕ ਟੀਮ ਭੇਜੀ ਪਰ ਜਦ ਟੀਮ ਪਿੰਡ ਵਿਚ ਪੁੱਜੀ ਤਦ ਤਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਸਨ। ਉਨ੍ਹਾਂ ਦਸਿਆ ਕਿ ਗ੍ਰੰਥੀ ਅਤੇ ਪਾਠ ਰਖਵਾਉਣ ਵਾਲੇ ਵਿਅਕਤੀਆਂ ਨੇ ਅਪਣੀ ਗ਼ਲਤੀ ਮੰਨ ਲਈ ਹੈ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਸਬੰਧੀ ਲਿਖਤ ਵਿਚ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣ ਤਾਂ ਗੁਰ ਮਰਿਆਦਾ ਅਨੁਸਾਰ ਉਸ ਵਿਚ ਵਿਘਨ ਨਹੀਂ ਪਾਇਆ ਜਾ ਸਕਦਾ। ਇਸ ਸਬੰਧੀ ਗੁਰਦਵਾਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ ਨੇ ਕਿਹਾ ਕਿ ਉਹ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਵਿਚ ਗਏ ਹੋਏ ਸਨ। ਇਸ ਲਈ ਉਨ੍ਹਾਂ ਨੂੰ ਉਕਤ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪਿੰਡ ਬੋਰਾਂ ਦੇ ਗੁਰਦਵਾਰੇ ਦੇ ਗ੍ਰੰਥੀ ਧਰਮਿੰਦਰ ਸਿੰਘ ਉਕਤ ਘਟਨਾ ਤੋਂ ਮੁਕਰ ਗਏ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ। ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਮਾਧਾਂ 'ਤੇ ਮਹਾਰਾਜ ਦਾ ਪ੍ਰਕਾਸ਼ ਕਰਵਾਉਣਾ ਮੰਦਭਾਗਾ ਹੈ।