
ਅੰਮ੍ਰਿਤਸਰ, 10 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ) : 12 ਸਤੰਬਰ 1897 ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ
ਜੰਗ ਵਿਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ
ਸ੍ਰੀ ਦਰਬਾਰ ਸਾਹਿਬ ਦੇ ਸਾਰਾਗੜ੍ਹੀ ਨਿਵਾਸ ਵਿਖੇ ਸਥਾਪਤ ਕੀਤੀ ਗਈ ਗੈਲਰੀ ਦਾ ਉਦਘਾਟਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਸਾਰਾਗੜ੍ਹੀ ਦੀ
ਜੰਗ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਸਾਰਾਗੜ੍ਹੀ ਜੰਗ ਨੂੰ ਰੂਪਮਾਨ ਕਰਦੇ
ਇਕ ਵਿਸ਼ੇਸ਼ ਮਾਡਲ ਤੋਂ ਪਰਦਾ ਹਟਾਉਣ ਸਮੇਂ ਭਾਰਤ ਦੇ ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.
ਸਿੰਘ ਸਮੇਤ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਕੰਵਲਜੀਤ ਸਿੰਘ, ਚੇਅਰਮੈਨ
ਗੁਰਿੰਦਰਪਾਲ ਸਿੰਘ ਜੋਸਨ ਅਤੇ ਬ੍ਰਿਟਿਸ਼ ਆਰਮੀ ਦੇ ਮੇਜਰ ਜਨਰਲ ਡੂਨਕੈਨ ਕੈਂਪਸ ਵੀ ਮੌਜੂਦ
ਸਨ। ਸਮਾਗਮ ਵਿਚ ਇੰਗਲੈਂਡ ਅਤੇ ਫ਼ਰਾਂਸ ਤੋਂ ਫ਼ੌਜ ਦੀਆਂ ਉਚ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ
ਹਾਜ਼ਰ ਸਨ।
ਗੈਲਰੀ ਦੇ ਉਦਘਾਟਨ ਤੋਂ ਪਹਿਲਾਂ ਸਾਰਾਗੜ੍ਹੀ ਨਿਵਾਸ ਵਿਖੇ ਇਕ
ਪ੍ਰਭਾਵਸ਼ਾਲੀ ਸਮਾਗਮ ਆਯੋਜਤ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਪ੍ਰੋ: ਕਿਰਪਾਲ ਸਿੰਘ
ਬਡੂੰਗਰ ਨੇ ਕਿਹਾ ਕਿ ਸਾਰਾਗੜ੍ਹੀ ਜੰਗ ਦੁਨੀਆਂ ਦੀਆਂ ਮਹਾਨ ਜੰਗਾ ਵਿਚ ਸ਼ਾਮਲ ਹੈ ਜਿਸ
ਵਿਚ ਕੌਮ ਦੇ 21 ਸਿੱਖ ਯੋਧਿਆਂ ਨੇ ਹਿੰਮਤ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਦੁਸ਼ਮਣ ਦਾ
ਮੁਕਾਬਲਾ ਕਰ ਕੇ ਇਕ ਨਵਾਂ ਅਧਿਆਇ ਸਿਰਜਿਆ।
ਇਸ ਸਮਾਗਮ ਦੌਰਾਨ ਜਨਰਲ ਜੇ.ਜੇ. ਸਿੰਘ
ਅਤੇ ਮਿਸਟਰ ਡੂਨਕੈਨ ਕੈਂਪਸ ਨੇ ਅਪਣੇ ਸੰਬੋਧਨ ਵਿਚ ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ
ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸ਼ਹੀਦਾਂ 'ਤੇ
ਮਾਣ ਹੈ ਅਤੇ ਸਾਨੂੰ ਇਸ ਜੰਗ ਦੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਤਕ ਲਿਜਾਣ
ਲਈ ਉਪਰਾਲੇ ਕਰਨੇ ਚਾਹਦੇ ਹਨ। ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ
ਸਿੰਘ ਜੋਸਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਨਵਾਦ ਕਰਦਿਆਂ ਕਿਹਾ ਕਿ ਇਹ
ਉਪਰਾਲਾ ਕੌਮ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਅਹਿਮ ਸਾਬਤ ਹੋਵੇਗਾ।
ਇਸ ਮੌਕੇ
ਸ਼੍ਰੋਮਣੀ ਕਮੇਟੀ ਵਲੋਂ ਜਨਰਲ ਜੇ.ਜੇ. ਸਿੰਘ, ਡੂਨਕੈਨ ਕੈਂਪਸ, ਸ. ਐਸ.ਪੀ. ਸਿੰਘ ਉਬਰਾਏ,
ਸ. ਗੁਰਿੰਦਰਪਾਲ ਸਿੰਘ ਜੋਸਨ, ਬ੍ਰਿਗੇਡੀਅਰ ਕੰਵਲਜੀਤ ਸਿੰਘ ਸਮੇਤ ਬ੍ਰਿਟਿਸ਼ ਦੇ ਆਰਮੀ
ਦੇ ਅਫਸਰਾਂ ਅਤੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੋ:
ਕਿਰਪਾਲ ਸਿੰਘ ਬਡੂੰਗਰ ਵਲੋਂ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਸਾਰਾਗੜ੍ਹੀ ਫ਼ਾਊਂਡੇਸ਼ਨ
ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਵੀ ਵਿਸ਼ੇਸ਼ ਤੌਰ 'ਤੇ
ਸਨਾਮਨ ਕੀਤਾ ਗਿਆ।