
ਤਰਨਤਾਰਨ, 29 ਜਨਵਰੀ (ਚਰਨਜੀਤ ਸਿੰਘ): ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਅੱਜ ਕਰੀਬ 7 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹਵਾ ਵਿਚ ਹਨ। ਇਨ੍ਹਾਂ ਦਰਵਾਜ਼ਿਆਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਵਾ ਰਹੇ ਹਨ। ਸਿੱਖ ਰਾਜ ਦੇ ਆਖ਼ਰੀ ਸਾਲਾਂ ਵਿਚ ਸਿੱਖ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲ ਕੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਵਿਚਕਾਰ ਇਕ ਦਰਸ਼ਨੀ ਡਿਉਢੀ ਦਾ ਨਿਰਮਾਣ ਕਰਵਾਇਆ ਸੀ। ਸਿੱਖ ਰਾਜ ਦੇ ਆਖ਼ਰੀ ਸਾਲਾਂ ਵਿਚ ਇਸ ਦਰਸ਼ਨੀ ਡਿਉਢੀ 'ਤੇ ਦਰਵਾਜ਼ੇ ਲਗਾਏ ਗਏ ਜਿਨਾਂ 'ਤੇ ਸਾਗਵਾਨ ਦੀ ਲਕੜ ਦੀ ਵਰਤੋਂ ਹੋਈ। ਇਨ੍ਹਾਂ ਦਰਵਾਜ਼ਿਆਂ ਨੂੰ ਖ਼ੂਬਸੂਰਤ ਬਣਾਉਣ ਲਈ ਸਿੱਖ ਸਰਦਾਰਾਂ ਅਤੇ ਧਿਆਨ ਸਿੰਘ ਡੋਗਰਾ ਨੇ ਹਾਥੀ ਦੰਦ ਦੀ ਨਕਾਸ਼ੀ ਕਰਵਾਈ ਜੋ ਕਲਾ ਦਾ ਬੇਮਿਸਾਲ ਨਮੂਨਾ ਹੈ। ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਜਰਜਰ ਹੋ ਚੁੱਕੇ ਦਰਵਾਜ਼ਿਆਂ ਦੀ ਸੇਵਾ ਕਰਵਾਉਣ ਦਾ ਫ਼ੈਸਲਾ ਸ਼੍ਰੋਮਣੀ ਕਮੇਟੀ ਨੇ ਸਾਲ 1997 ਵਿਚ ਲਿਆ ਸੀ ਤੇ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਨੂੰ ਸੌਂਪੀ ਗਈ ਸੀ। ਉਨੀ ਦਿਨੀ ਬਰਮਿੰਘਮ ਵਾਲੇ ਬਾਬੇ ਦਰਬਾਰ ਸਾਹਿਬ ਵਿਖੇ ਸੋਨੇ ਦੀ ਸੇਵਾ ਕਰਵਾ ਰਹੇ ਸਨ, ਇਸ ਲਈ ਕਰੀਬ 2 ਸਾਲ ਬਾਅਦ ਉਨ੍ਹਾਂ ਦਰਵਾਜ਼ਿਆਂ ਦੀ ਸੇਵਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਜਿਸ ਤੋਂ ਬਾਅਦ ਕਮੇਟੀ ਨੇ ਵੱਖ-ਵੱਖ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਾਬਤਾ ਕਰ ਕੇ ਇਹ ਸੇਵਾ ਕਰਵਾਉਣ ਦੀ ਪੇਸ਼ਕਸ਼ ਕੀਤੀ। ਆਖ਼ਰ ਇਹ ਸੇਵਾ 2010 ਵਿਚ ਬਾਬਾ ਅਮਰੀਕ ਸਿੰਘ ਨੂੰ ਸੌਂਪ ਦਿਤੀ ਗਈ। ਬਾਬਾ ਅਮਰੀਕ ਸਿੰਘ ਨੇ ਕਮੇਟੀ ਦੇ ਉਸ ਵੇਲੇ ਦੇ ਅਹੁਦੇਦਾਰਾਂ ਨੂੰ ਦਸਿਆ ਕਿ ਉਹ ਇਹ ਦਰਵਾਜ਼ੇ ਜੋ ਹੁਣ ਇਤਿਹਾਸਕ ਬਣ ਚੁੱਕੇ ਹਨ, ਦੀ ਮੁਰਮੰਤ ਵੀ ਕਰ ਸਕਦਾ ਹੈ ਤੇ ਉਸ ਵਲੋਂ ਕਰਵਾਈ ਗਈ ਮੁਰਮੰਤ ਨਾਲ ਦਰਵਾਜ਼ੇ ਕਰੀਬ 200 ਸਾਲ ਤਕ ਹੋਰ ਚਲ ਸਕਦੇ ਹਨ। ਕਮੇਟੀ ਵਲੋਂ ਮੁਰਮੰਤ ਸਬੰਧੀ ਹਾਮੀ ਨਾ ਭਰਨ ਤੇ ਬਾਬੇ ਨੇ ਕਮੇਟੀ ਅਧਿਕਾਰੀਆਂ ਤੇ ਜਥੇਦਾਰਾਂ ਨੂੰ ਨਵੇਂ ਦਰਵਾਜ਼ਿਆਂ ਦੇ ਨਿਰਮਾਣ ਲਈ ਵਰਤੋਂ ਵਿਚ ਆਉਣ ਵਾਲਾ ਸਾਰਾ ਸਮਾਨ ਜਿਸ ਵਿਚ ਸਾਗਵਾਨ ਦੀ ਲਕੜ ਜੋ ਕਿ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ, ਸੋਨੇ ਦੀਆਂ ਮੈਖਾਂ, ਚਾਂਦੀ ਅਤੇ ਸਜਾਵਟ ਲਈ ਹੋਰ ਸਾਜੋ ਸਮਾਨ ਆਦਿ ਵਿਖਾ ਕੇ ਤਸਲੀ ਕਰਵਾ ਦਿਤੀ।
ਬਾਬੇ ਨੇ ਭਾਰਤ ਸਰਕਾਰ ਨਾਲ ਉਸ ਵੇਲੇ ਰਾਬਤਾ ਕਰ ਕੇ ਹਾਥੀ ਦੰਦ ਦੀ ਵਰਤੋਂ ਕਰਨ ਲਈ ਇਜਾਜ਼ਤ ਵੀ ਲੈ ਲਈ ਸੀ ਪਰ ਐਨ ਵਕਤ 'ਤੇ ਇਹ ਸੇਵਾ ਬਾਬਾ ਅਮਰੀਕ ਸਿੰਘ ਦੀ ਬਜਾਏ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ ਸੌਂਪ ਦਿਤੀ ਗਈ। ਜਦ ਬਾਬੇ ਨੂੰ ਇਹ ਸੇਵਾ ਸੌਂਪੀ ਗਈ ਸੀ ਤਾਂ ਬਾਬੇ ਨੇ ਯਕੀਨ ਦਿਵਾਇਆ ਸੀ ਕਿ ਕਰੀਬ ਇਕ ਸਾਲ ਵਿਚ ਇਹ ਦਰਵਾਜ਼ੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਸ਼ਿੰਗਾਰ ਬਣਾ ਦਿਤੇ ਜਾਣਗੇ। ਜਥੇਦਾਰਾਂ ਅਤੇ ਕਮੇਟੀ ਦੇ ਅਹੁਦੇਦਾਰਾਂ ਨੇ ਉਸ ਸਮੇਂ ਮੀਟਿੰਗਾਂ ਕਰ ਕੇ ਦਰਵਾਜ਼ਿਆਂ 'ਤੇ ਹੋਈ ਮੀਨਾਕਾਰੀ ਅਤੇ ਨਕਾਸ਼ੀ ਦੀ ਵੀਡੀਉਗ੍ਰਾਫ਼ੀ ਅਤੇ ਡਿਜੀਟਲ ਫ਼ੋਟੋਗ੍ਰਾਫ਼ੀ ਆਦਿ ਦੇ ਨਾਲ-ਨਾਲ ਉਚ ਤਕਨੀਕ ਨਾਲ ਤਸਵੀਰਾਂ ਤਿਆਰ ਕਰਵਾਈਆਂ ਸਨ। ਇਸ ਸੱਭ ਤੇ ਬਾਵਜੂਦ ਨਵੇਂ ਦਰਵਾਜ਼ੇ ਹਾਲੇ ਵੀ ਹਵਾ ਵਿਚ ਹਨ ਤੇ ਪੁਰਾਣੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਸਜਾ ਕੇ ਬਾਬਾ ਸੰਗਤ ਦੀ ਭਾਵਨਾ ਨੂੰ ਕੈਸ਼ ਕਰ ਰਿਹਾ ਹੈ। ਦਰਵਾਜ਼ੇ ਕਦ ਬਣਨਗੇ ਇਸ ਬਾਰੇ ਕੋਈ ਨਹੀਂ ਜਾਣਦਾ। ਇਸ ਸੰਬਧੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੇ ਸਹਾਇਕ ਬਾਬਾ ਸੁਖਵਿੰਦਰ ਸਿੰਘ ਉਰਫ਼ ਬਾਬਾ ਸੁੱਖਾ ਨੇ ਦਸਿਆ ਕਿ ਦਰਵਾਜ਼ੇ ਤਿਆਰ ਹਨ, ਸਿਰਫ਼ ਹਾਥੀ ਦੰਦ ਨਾ ਮਿਲਣ ਕਾਰਨ ਇਨ੍ਹਾਂ ਨੂੰ ਸਥਾਪਤ ਕਰਨ ਵਿਚ ਦੇਰੀ ਹੋ ਰਹੀ ਹੈ। ਬਾਬਾ ਸੁੱਖਾ ਨੇ ਦਸਿਆ ਕਿ ਇਸ ਸੰਬਧੀ ਭਾਰਤ ਸਰਕਾਰ ਦੇ ਵਣ ਮੰਤਰਾਲੇ ਨੂੰ ਲਿਖ ਕੇ ਦਰਵਾਜ਼ਿਆਂ ਦੀ ਨਕਾਸ਼ੀ ਅਤੇ ਮੀਨਾਕਾਰੀ ਲਈ ਹਾਥੀ ਦੰਦ ਦੇ ਇਸਤੇਮਾਲ ਲਈ ਇਜਾਜ਼ਤ ਮੰਗੀ ਹੈ ਜਦ ਇਜਾਜ਼ਤ ਮਿਲ ਗਈ ਉਸ ਤੋਂ ਬਾਅਦ ਜਲਦ ਤੋਂ ਜਲਦ ਇਹ ਨਵੇਂ ਬਣੇ ਦਰਵਾਜ਼ੇ ਸਥਾਪਤ ਕਰ ਦਿਤੇ ਜਾਣਗੇ। ਦਰਵਾਜ਼ਿਆਂ ਵਿਚ ਨਕਾਸ਼ੀ ਲਈ ਹਾਥੀ ਦੰਦ ਦੀ ਬਜਾਏ ਸੋਨਾ ਚਾਂਦੀ, ਹੀਰੇ ਜਵਾਹਰਾਤ ਆਦਿ ਦੀ ਵਰਤੋਂ ਕਰ ਕੇ ਦਰਵਾਜ਼ੇ ਲਗਾਉਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬਾਬਾ ਸੁੱਖਾ ਨੇ ਕਿਹਾ ਕਿ ਸਾਡੇ ਵਲੋਂ ਕੋਈ ਕਸਰ ਨਹੀਂ, ਕਮੇਟੀ ਵਾਲੇ ਹੀ ਨਹੀਂ ਮੰਨਦੇ।