
ਸਿਆਸੀ ਧੜੇਬੰਦੀ ਦਾ ਸ਼ਿਕਾਰ ਹਤਰਨਤਾਰਨ/ਅੰਮ੍ਰਿਤਸਰ, 27 ਨਵੰਬਰ (ਚਰਨਜੀਤ ਸਿੰਘ/ਸੁਖਵਿੰਦਰਜੀਤ ਸਿੰਘ ਬਹੋੜੂ): ਜਥੇਦਾਰਾਂ ਨੂੰ ਤਲਬ ਕਰਨ ਦੀ ਹਿੰਮਤ ਵਿਖਾਉਣ ਵਾਲੇ ਪੰਜ ਸਿੰਘਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਗੁਰਮਤਿ ਵਿਹੂਣੀ ਸਿੱਖ ਸਿਆਸਤ ਦੀ ਅਗਵਾਈ ਕਰ ਰਹੇ ਭਾਰੂ ਇਕ ਪਰਵਾਰ ਨੇ ਸਿੱਖ ਸੰਸਥਾਵਾਂ ਦੀ ਮਾਣ ਮਰਿਆਦਾ ਅਤੇ ਪਰੰਪਰਾਵਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿ ਕੌਮ ਦੀ ਬਦਕਿਸਮਤੀ ਹੈ ਕਿ ਅਕਾਲ ਤਖ਼ਤ ਅੱਜ ਸਿਆਸੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕਿਆ ਹੈ। ਜੂਨ 2015 ਵਿਚ ਜਵਾਹਰ ਸਿੰਘ ਵਾਲਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਚੋਰੀ ਤੋਂ ਲੈ ਕੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸੰਗਤ 'ਤੇ ਗੋਲੀਆਂ ਚਲਾ ਕੇ ਬਹਿਬਲ ਕਲਾਂ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਅਤੇ ਕਈ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਤਕ ਅਪਣੀ ਸਰਕਾਰ ਦੀ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਸ ਸਮੇਂ ਦੌਰਾਨ ਅਕਾਲ ਤਖ਼ਤ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵਲੋ ਸਿੱਖ ਸੰਗਤ ਦੇ ਰੋਹ ਨੂੰ ਧਿਆਨ ਵਿਚ ਰਖਦੇ ਹੋਏ ਕੋਈ ਪਹਿਲ ਕਦਮੀ ਕੀਤੀ ਗਈ ਸੀ।
ਪੰਜਾਂ ਸਿੰਘ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਪੰਥਕ ਸੰਸਥਾਵਾਂ ਦੀ ਚੁੱਪ ਨੇ ਇਹ ਸਾਬਤ ਕਰ ਦਿਤਾ ਹੈ ਕਿ ਇਨ੍ਹਾਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਕੋਈ ਹਿੱਤ ਨਹੀਂ, ਇਹ ਤਾਂ ਗੁਰੂ ਘਰ ਦੀਆਂ ਗੋਲਕਾਂ 'ਤੇ ਕਬਜ਼ਾ ਰੱਖ ਕੇ ਅਪਣੀਆ ਵੋਟਾਂ ਦੀ ਸਿਆਸਤ ਖੇਡ ਰਹੇ ਹਨ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪੰਥਕ ਸਰਕਾਰ ਦੇ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ 80 ਤੋਂ ਵੱਧ ਵਾਰ ਬੇਅਦਬੀਆਂ ਹੋਈ ਜੋ ਅਜੇ ਤਕ ਜਾਰੀ ਹਨ।
ਪੰਜਾਂ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦ ਸਵਾਂਗ ਰਚਣ ਵਾਲੇ ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ ਵਿਚ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਬਾਕੀ ਤਖ਼ਤਾਂ ਦੇ ਜਥੇਦਾਰ ਦੋਸ਼ੀ ਹਨ।
ਪੰਜ ਸਿੰਘਾਂ ਨੇ ਕੌਮ ਨੂੰ ਸੰਦੇਸ਼ ਦਿਤਾ ਕਿ ਮੌਜੂਦਾ ਸਿੱਖ ਸਿਆਸਤ, ਤਖ਼ਤਾਂ ਦੇ ਪ੍ਰਬੰਧ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸਿੱਖਾਂ ਦੀ ਵਖਰੀ ਪਛਾਣ ਨੂੰ ਖ਼ਤਰਾ ਬਣਿਆ ਹੋਇਆ ਹੈ।