
ਕੋਟਕਪੂਰਾ, 12 ਜਨਵਰੀ (ਗੁਰਿੰਦਰ ਸਿੰਘ): ਪਿਛਲੇ ਕੁੱਝ ਸਮੇਂ ਤੋਂ ਨੌਜਵਾਨ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ ਕਿ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਜੋੜ ਮੇਲਿਆਂ ਮੌਕੇ ਧੜੇਬੰਦਕ ਸਿਆਸੀ ਕਾਨਫ਼ਰੰਸਾਂ ਨਾ ਹੋਣ ਕਿਉਂਕਿ ਰਾਜਨੀਤਕ ਆਗੂਆਂ ਵਲੋਂ ਇਕ-ਦੂਜੇ ਪ੍ਰਤੀ ਕੀਤੀ ਦੂਸ਼ਣਬਾਜ਼ੀ ਜਿਥੇ ਉਸ ਇਤਿਹਾਸਕ ਦਿਹਾੜੇ ਦੀ ਮੂਲਭਾਵਨਾ ਵਿਰੁਧ ਹੁੰਦੀ ਹੈ, ਉਥੇ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਸੇਧ ਲੈਣ ਦੀ ਇੱਛਾ ਨਾਲ ਪਹੁੰਚੀ ਸੰਗਤ ਵੀ ਨਿਰਾਸ਼ ਹੁੰਦੀ ਹੈ, ਅਜਿਹੀ ਰੋਕ ਲਗਣੀ ਪੰਥਕ ਹਿਤਾਂ 'ਚ ਹੈ ਪਰ ਪੰਥ ਦੇ ਬੁੱਧੀਜੀਵੀ ਵਰਗ ਦਾ ਮੱਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਧੜੇ-ਮੁਕਤ ਵਰਤਾਰੇ ਬਗ਼ੈਰ ਅਜਿਹਾ ਮਾਹੌਲ ਸਿਰਜਣਾ ਅਸੰਭਵ ਹੈ। ਜਦ ਤਕ ਸ਼੍ਰੋਮਣੀ ਕਮੇਟੀ ਸਾਰੀਆਂ ਪੰਥਕ ਧਿਰਾਂ ਨੂੰ ਅਪਣੀ ਧਾਰਮਕ ਸਟੇਜ ਤੋਂ ਅਪਣੀਆਂ ਜਥੇਬੰਦਕ ਸਰਗਰਮੀਆਂ, ਪ੍ਰਾਪਤੀਆਂ, ਟੀਚੇ ਅਤੇ ਹੋਰ ਪੰਥਕ ਦ੍ਰਿਸ਼ਟੀਕੋਨ ਸਿੱਖ ਸੰਗਤ ਨਾਲ ਸਾਂਝਾ ਕਰਨ ਦਾ ਮੌਕਾ ਨਹੀਂ ਦੇਵੇਗੀ, ਤਦ ਤਕ ਰਾਜਨੀਤਕ-ਸੱਤਾ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲੇ ਆਗੂ ਪੰਥਕ ਫ਼ੈਸਲਿਆਂ ਦੀ ਉਲੰਘਣਾ ਕਰ ਕੇ ਅਪਣੀ ਵਖਰੀ ਡਫ਼ਲੀ ਵਜਾਉਂਦੇ ਹੀ ਰਹਿਣਗੇ। ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਇਕ ਲਿਖਤੀ ਬਿਆਨ ਰਾਹੀਂ ਕਹੇ।
ਉਨ੍ਹਾਂ ਅਪਣੀ ਉਪਰੋਕਤ ਧਾਰਨਾ ਦੀ ਪੁਸ਼ਟੀ ਵਿਚ ਦਸਿਆ ਕਿ ਜਥੇਦਾਰ ਊਧਮ ਸਿੰਘ ਨਾਗੋਕੇ ਦੇ ਪ੍ਰਧਾਨਗੀ ਕਾਲ ਵੇਲੇ ਵੀ ਇਕ ਗੁਰਮਤੇ ਰਾਹੀਂ ਗੁਰਦੁਆਰਿਆਂ ਵਿਚ ਧੜੇਬੰਦਕ ਰਾਜਨੀਤਕ ਕਾਨਫ਼ਰੰਸਾਂ ਕਰਨ 'ਤੇ ਰੋਕ ਲਾਈ ਸੀ, ਫ਼ੈਸਲਾ ਹੋਇਆ ਸੀ ਕਿ ਗੁਰਪੁਰਬਾਂ ਤੇ ਸ਼ਹੀਦੀ ਜੋੜ ਮੇਲਿਆਂ ਵੇਲੇ ਕੇਵਲ ਸਾਂਝੇ ਗੁਰਮਤਿ ਸਮਾਗਮ ਹੋਣ ਅਤੇ ਉਥੇ ਕੇਵਲ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਹੀ ਹੋਵੇ ਪਰ ਦੁਖ ਦੀ ਗੱਲ ਹੈ ਕਿ ਜਿਵੇਂ ਪਿਛਲੇ ਦਿਨੀਂ ਫ਼ਤਿਹਗੜ੍ਹ ਸਾਹਿਬ ਦੇ ਸਥਾਨ 'ਤੇ ਸਿੱਖੀ ਵਿਚਲੇ ਪੀਰੀ-ਮੀਰੀ ਦੇ ਸੰਯੁਕਤ ਸਿਧਾਂਤ ਦੇ ਪਰਦੇ ਹੇਠ ਪਹਿਲਾਂ ਮਾਨ ਦਲੀਆਂ ਨੇ ਉਲੰਘਣ ਕੀਤਾ ਅਤੇ ਹੁਣ ਅਕਾਲ ਤਖ਼ਤ ਦੇ ਉਹਲੇ ਬਾਦਲ ਦਲੀਏ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਜੋੜਮੇਲੇ ਵੇਲੇ ਰਾਜਨੀਤਕ ਕਾਨਫ਼ਰੰਸ ਕਰਨ ਲਈ ਲੰਗੋਟੇ ਕੱਸੀ ਫਿਰਦੇ ਹਨ। ਤਿਵੇਂ ਹੀ ਜਥੇਦਾਰ ਨਾਗੋਕੇ ਦੀ ਪ੍ਰਧਾਨਗੀ ਉਪਰੰਤ ਵੀ ਅਜਿਹੇ ਅਕਾਲੀ ਆਗੂਆਂ ਨੇ ਹੀ ਉਪਰੋਕਤ ਫ਼ੈਸਲੇ ਦਾ ਉਲੰਘਣ ਕੀਤਾ ਸੀ ਤੇ ਸਿੱਟੇ ਵਜੋਂ ਕਾਂਗਰਸੀ ਆਗੂ ਵੀ ਸੱਤਾ ਦੇ ਬਲਬੋਤੇ ਸ੍ਰੀ ਚਮਕੌਰ ਸਾਹਿਬ, ਫ਼ਤਿਹਗੜ੍ਹ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜਨੀਤਕ ਕਾਨਫ਼ਰੰਸਾਂ ਕਰਨ ਲੱਗ ਪਏ ਭਾਵੇਂ ਕਿ ਸ੍ਰੀ ਤਰਨਤਾਰਨ ਸਾਹਿਬ ਦੇ ਇਕ ਅਕਾਲੀ ਜਥੇਦਾਰ ਨੂੰ ਉਪਰੋਕਤ ਫ਼ੈਸਲੇ ਦਾ ਉਲੰਘਣ ਕਰਨ ਕਰ ਕੇ ਤਨਖ਼ਾਹ ਵੀ ਲਾਈ ਗਈ ਸੀ।