
ਨਵੀਂ ਦਿੱਲੀ, 14 ਨਵੰਬਰ (ਅਮਨਦੀਪ ਸਿੰਘ): ਅਕਾਲ ਤਖ਼ਤ ਤੋਂ ਭਾਈ ਰਣਜੀਤ ਸਿੰਘ ਢਡਰੀਆਂ ਬਾਰੇ ਕੋਈ ਸਪੱਸ਼ਟ ਫ਼ੈਸਲਾ ਨਾ ਲੈਣ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗਿ. ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਭਾਈ ਢਡਰੀਆਂ ਵਾਲਿਆਂ ਕੋਲੋਂ ਸੀਡੀਆਂ ਮੰਗਣ ਦੀ ਬਜਾਏ ਉਨ੍ਹਾਂ ਤੋਂ ਸੀਡੀਆਂ ਦੀ ਮੰਗ ਕਰਨ ਜਿਨ੍ਹਾਂ ਭਾਈ ਢਡਰੀਆਂ ਵਲਿਆਂ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਢਡਰੀਆਂ ਵਾਲੇ ਜੋ ਵੀ ਪ੍ਰਚਾਰ ਕਰਦੇ ਹਨ ਜਾਂ ਬੋਲਦੇ ਹਨ, ਉਹ ਸਪੱਸ਼ਟ ਤੌਰ 'ਤੇ ਬਾਹਰੀ ਤੌਰ 'ਤੇ ਹੀ ਕਰਦੇ ਹਨ, ਚੋਰੀ ਛਿੱਪੇ ਨਹੀਂ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਅਕਾਲ ਤਖ਼ਤ ਦੇ ਜਥੇਦਾਰ ਦਮਦਮੀ ਟਕਸਾਲ ਦੇ ਦਬਾਅ ਹੇਠ ਕੰਮ ਕਰ ਕੇ ਅਪਣੇ ਜ਼ਿੰਮੇਵਾਰੀ ਤੋਂ ਮੂੰਹ ਮੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਇਤਿਹਾਸ ਦਾ ਪਹਿਲਾ ਸਮਾਗਮ ਹੋਵੇਗਾ ਜਿਸ ਨੂੰ ਰੱਦ ਕਰਵਾਉਣ ਲਈ ਦਮਦਮੀ ਟਕਸਾਲ ਨੇ ਭਾਈ ਰਣਜੀਤ ਸਿੰਘ ਵਿਰੁਧ ਅਕਾਲ ਤਖ਼ਤ 'ਤੇ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿਤਾ ਹੈ। ਇਹ ਉਹੀ ਟਕਾਸਲ ਹੈ ਜੋ ਸਿੱਖੀ ਦੇ ਪ੍ਰਚਾਰ ਲਈ ਸਿੱਖ ਪਰਚਾਰਕ ਪੈਦਾ ਕਰਨ ਲਈ ਅਹਿਮ ਜ਼ਿੰਮੇਵਾਰੀ ਨਿਭਾਉਂਦੀ ਸੀ ਪਰ ਅਫ਼ਸੋਸ ਅੱਜ ਇਹੋ ਟਕਸਾਲ ਅੱਜ ਸਿੱਖੀ ਦਾ ਪ੍ਰਚਾਰ ਬੰਦ ਕਰਵਾਉਣ ਵਾਲੀ ਇਕ ਪੰਥ ਵਿਰੋਧੀ ਏਜੰਸੀ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਪ੍ਰਬੰਧ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਾ ਚਾਹੀਦਾ ਹੈ ਪਰ ਇਥੋਂ ਅੱਜ ਸੌਦਾ ਸਾਧ ਨੂੰ ਮੁਆਫ਼ੀ ਦਿਤੀ ਜਾਂਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਨੂੰ ਸਹਿਯੋਗ ਦੇਣ ਦੀ ਬਜਾਏ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਸੌਦਾ ਸਾਧ ਦੀ ਮੁਆਫ਼ੀ ਸਮੇਂ ਭਾਵੇਂ ਢਡਰੀਆਂ ਵਾਲੇ ਵਿਦੇਸ਼ ਵਿਚ ਸਨ ਪਰ ਉਨ੍ਹਾਂ ਉਥੋਂ ਹੀ ਹਾਅ ਦਾ ਨਾਅਰਾ ਮਾਰਿਆ ਅਤੇ ਬਰਗਾੜੀ ਕਾਂਡ ਦਾ ਸੇਕ ਉਨ੍ਹਾਂ ਨੇ ਉਸ ਵੇਲੇ ਪਿੰਡੇ 'ਤੇ ਹੰਢਾਇਆ ਜਦ ਪੁਲਿਸ ਸਿੱਧੀਆਂ ਗੋਲੀਆਂ ਮਾਰ ਰਹੀ ਸੀ ਤੇ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੁਆਰਾ ਲਗਾਏ ਗਏ ਏਸੀ ਕਮਰਿਆਂ ਵਿਚ ਬੈਠ ਕੇ ਇਸ ਗੋਲੀ ਕਾਂਡ ਦਾ ਅਨੰਦ ਮਾਣ ਰਹੇ ਸਨ।