
ਅੰਮ੍ਰਿਤਸਰ, 8 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਦਸਿਆ ਕਿ 13 ਨਵੰਬਰ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਅਹਿਮ ਬੈਠਕ ਸੱਦ ਲਈ ਹੈ ਜਿਸ ਪੰਥਕ ਮਸਲਿਆਂ ਅਤੇ ਹੋਰ ਭਖਦੇ ਮਾਮਲਿਆਂ 'ਤੇ ਵਿਚਾਰ ਕੀਤੀ ਜਾਵੇਗੀ। ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿ ਇਕਬਾਲ ਸਿੰਘ ਵਲੋਂ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦੇ ਬਿਆਨ ਦਾ ਮੱਸਲਾ ਵੀ ਵਿਚਾਰਿਆ ਜਾਵੇਗਾ, ਜਿਸ ਬਾਰੇ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਬੈਠਕ ਦੌਰਾਨ ਮਤਾ ਪਾਸ ਕੀਤਾ ਗਿਆ ਹੈ। ਜਥੇਦਾਰ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਮਤਾ ਅਜੇ ਉਨ੍ਹਾਂ ਕੋਲ ਪੁੱਜਾ ਨਹੀਂ ਹੈ। ਗਿ. ਗੁਰਬਚਨ ਸਿੰਘ ਨੇ ਸੰਤ ਰਣਜੀਤ ਸਿੰਘ ਢਡਰੀਆਂ ਬਾਰੇ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਕੇ ਹਦਾਇਤ ਕਰ ਦਿਤੀ ਹੈ ਕਿ ਤੁਰਤ ਕਮੇਟੀ ਦਾ ਗਠਨ ਕਰ ਕੇ ਇਕ ਪੜਤਾਲੀਆ ਕਮੇਟੀ ਬਣਾ ਕੇ ਰੀਪੋਰਟ 12 ਨਵੰਬਰ ਤਕ ਅਕਾਲ ਤਖ਼ਤ 'ਤੇ ਭੇਜੀ ਜਾਵੇ ਤਾਕਿ 13 ਨਵੰਬਰ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਕੇ ਫੈਸਲਾ ਸੁਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦਾ ਇਕ ਧਾਰਮਿਕ ਸਮਾਗਮ ਰਣਜੀਤ ਐਵੀਨਿਊ ਵਿਖੇ 14 ਤੋ 16 ਨਵੰਬਰ ਤਕ ਹੋਵੇਗਾ ਜਿਸ ਵਿਰੁਧ ਪੰਥਕ ਦਲਾਂ ਦੇ ਆਗੂ ਇਹ ਪ੍ਰੋਗਰਾਮ ਰੱਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਇਰਲ ਹੋਈ ਤਸਵੀਰ ਤੇ ਉਨ੍ਹਾਂ ਸ਼ਰਾਰਤੀਆਂ ਨੂੰ ਚਿਤਾਵਨੀ ਦਿਤੀ ਕਿ ਉਹ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਜਥੇਦਾਰ ਨੇ ਅਮਰੀਕਾ ਨਿਊ ਜਰਸੀ ਦੇ ਮੇਅਰ ਰਵਿੰਦਰ ਸਿੰਘ ਭੱਲਾ ਦੇ ਬਣਨ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਮੂੰਹ ਸਿੱਖ ਨੌਜਵਾਨ ਉੱਚ ਮਿਆਰੀ ਪੜ੍ਹਾਈ ਕਰਨ ਦੇ ਨਾਲ ਨਾਲ ਬਾਣੀ ਤੇ ਬਾਣੇ ਦੀ ਧਾਰਨੀ ਬਣਨ ਤੇ ਸਿੱਖੀ ਦਾ ਪ੍ਰਚਾਰ ਚੜ੍ਹਦੀ ਕਲਾ ਵਿਚ ਹੋਵੇਗਾ। ਜਥੇਦਾਰ ਨੇ ਜ਼ੋਰ ਦਿਤਾ ਕਿ ਸਿੱਖ ਦੇ ਨਾਂਅ ਨਾਲ ਸਿੰਘ ਸ਼ਬਦ ਜ਼ਰੂਰ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਕੇਸ ਵਿਚ ਗਏ ਹਨ ਉਨ੍ਹਾਂ ਉਥੇ ਜਾ ਕੇ ਉਥੋ ਦੀ ਖੁਸ਼ਹਾਲੀ ਤੇ ਤਰੱਕੀ ਵਿਚ ਬੜਾ ਅਹਿਮ ਯੋਗਦਾਨ ਪਾਇਆ ਹੈ। ਦਿੱਲੀ 'ਚ ਬੇਅਦਬੀ ਦੀ ਵਾਪਰੀ ਘਟਨਾ ਸਬੰਧੀ ਉਨ੍ਹਾਂ ਕਿਹਾ ਕਿ ਜੁੰਮੇਵਾਰ ਅਕਾਲੀਆਂ ਨੂੰ ਸਪੱਸ਼ਟੀਕਰਨ ਦੇਣ ਲਈ ਸੱਦ ਲਿਆ ਗਿਆ ਹੈ। ਸਪੱਸ਼ਟੀਕਰਨ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।