
ਗੜ੍ਹਦੀਵਾਲਾ, 28 ਸਤੰਬਰ
(ਹਰਪਾਲ ਸਿੰਘ): ਗੁਰਦਵਾਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਿੱਖ ਸਦਭਾਵਨਾ ਦਲ ਦੀ ਜਨਰਲ
ਸਭਾ ਦੀ ਅਹਿਮ ਇਕੱਤਰਤਾ ਸੰਤ ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਹੋਈ। ਇਕੱਤਰਤਾ
ਦੌਰਾਨ ਸਿੱਕਮ ਵਿਚ ਇਤਿਹਾਸਕ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਇਮਾਰਤ 'ਤੇ ਸਥਾਨਕ ਲਾਮਿਆਂ
ਅਤੇ ਸਿੱਕਮ ਸਰਕਾਰ ਦੀ ਮਿਲੀਭੁਗਤ ਨਾਲ ਕੀਤੇ ਨਾਜਾਇਜ਼ ਕਬਜ਼ੇ ਅਤੇ ਗੁਰਦਵਾਰੇ ਨੂੰ ਮੰਦਰ
ਵਿਚ ਤਬਦੀਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਘੋਰ ਬੇਅਦਬੀ
ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸੰਤ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਖ਼ਾਲਸਾ
ਪੰਥ ਸਰਬੱਤ ਦਾ ਭਲਾ ਚਾਹੁੰਦਾ ਹੈ ਅਤੇ ਅੱਜ ਤਕ ਦੇ ਇਤਿਹਾਸ ਵਿਚ ਸਿੱਖਾਂ ਨੇ ਕਿਸੇ ਦੂਜੇ
ਧਰਮ ਦੇ ਪਾਵਨ ਅਸਥਾਨਾਂ ਦੀ ਬੇਅਦਬੀ ਨਹੀਂ ਕੀਤੀ ਪਰ ਪੰਥ ਅਪਣੇ ਗੁਰਧਾਮਾਂ ਦੀ ਰਾਖੀ
ਅਤੇ ਪਵਿੱਤਰਤਾ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨੋ ਝਿਜਕੇਗਾ ਨਹੀਂ। ਸਿੱਖ
ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਗੁਰਦਵਾਰਾ
ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਸਦਭਾਵਨਾ ਦਲ ਨਵੰਬਰ ਮਹੀਨੇ ਵਿਚ ਰਾਸ਼ਟਰਪਤੀ ਭਵਨ ਤਕ
ਪੰਥਕ ਮਾਰਚ ਕਢੇਗਾ।
ਭਾਈ ਬਲਦੇਵ ਸਿੰਘ ਵਡਾਲਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਜਿੰਨਾ ਚਿਰ ਬਾਦਲ ਪਰਵਾਰ ਦਾ ਸਿਆਸੀ ਤੌਰ'ਤੇ ਖ਼ਾਤਮਾ ਨਹੀਂ ਹੁੰਦਾ,
ਉਨ੍ਹਾਂ ਚਿਰ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਨਹੀਂ ਆ ਸਕਦਾ ਕਿਉਂਕਿ ਉਹ ਪਰਵਾਰ
ਆਰਐਸਐਸ ਦੇ ਏਜੰਡੇ 'ਤੇ ਕੰਮ ਕਰ ਰਿਹਾ ਹੈ ਅਤੇ ਇਸੇ ਏਜੰਡੇ ਤਹਿਤ ਸਿੱਖ ਕਦਰਾਂ-ਕੀਮਤਾਂ
ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਲੋੜ ਇਹ ਹੈ ਕਿ ਸ਼੍ਰੋਮਣੀ ਕਮੇਟੀ
ਅਤੇ ਦਿੱਲੀ ਗੁਰਦਵਾਰਾ ਪ੍ਰਧੰਧਕ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁਕਤ ਕਰਵਾਇਆ ਜਾਵੇ।