
ਫ਼ਤਿਹਗੜ੍ਹ ਸਾਹਿਬ, 3 ਜਨਵਰੀ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਸੰਵਿਧਾਨ ਦੀ ਧਾਰਾ 25 ਬੀ 'ਚ ਸੋਧ ਦੇ ਮਾਮਲੇ ਲੈ ਕੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮਿਲਿਆ ਹੈ ਤੇ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 25 ਬੀ ਵਿਚ ਸੋਧ ਕਰਨ ਦੀ ਮੰਗ ਕੀਤੀ ਹੈ।ਪ੍ਰੋ. ਚੰਦੂਮਜਾਰਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਨੂੰ ਸਿੱਖ ਨਹੀ ਮੰਨਦਾ ਤੇ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੰਵਿਧਾਨ ਵਿੱਚ ਸੋਧ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ 1950 ਵਿੱਚ ਸੰਵਿਧਾਨ ਸਭਾ 'ਚ ਮੌਜੂਦ ਅਕਾਲੀ ਨੁਮਾਇੰਦਿਆਂ ਵੱਲੋਂ ਸੰਵਿਧਾਨ ਨੂੰ ਪਾਸ ਕਰਨ ਦੇ ਮਤੇ ਤੇ ਦਸਤਖ਼ਤ ਕਰਨ ਤੋਂ ਨਾ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ਦੌਰਾਨ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਸੰਵਿਧਾਨ ਦੀ ਧਾਰਾ 25 ਬੀ ਦੇ ਉਤਾਰੇ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਅਗਨ ਭੇਂਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰ ਸਕਦੇ ਹਨ।ਉਨ੍ਹਾਂ ਸਵਾਲ ਕੀਤਾ ਕਿ ਜਦੋਂ ਜੈਨ ਭਾਈਚਾਰੇ ਨੂੰ ਘੱਟ ਗਿਣਤੀ ਕੌਮ ਦਾ ਦਰਜਾ ਦਿੱਤਾ ਜਾ ਸਕਦਾ ਹੈ ਤਾ ਸਿੱਖਾ ਨੂੰ ਸੰਵਿਧਾਨ 'ਚ ਵੱਖਰੀ ਕੌਮ ਦਾ ਦਰਜਾ ਕਿਉ ਨਹੀ ਮਿਲ ਸਕਦਾ? ਉਨ੍ਹਾਂ ਮੰਗ ਕੀਤੀ ਕਿ ਬੀ.ਜੇ.ਪੀ ਦੀ ਕੇਂਦਰ ਸਰਕਾਰ ਨੂੰ ਸਿੱਖਾ ਦੀ ਇਸ ਮੰਗ ਵੱਲ ਸੁਹਿਰਦਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਤੇ ਸਿੱਖਾ ਨੂੰ ਸੰਵਿਧਾਨ 'ਚ ਵੱਖਰੀ ਕੌਮ ਦਾ ਦਰਜਾ ਮਿਲਣਾ ਚਾਹੀਦਾ ਹੈ। ਇਸ ਮੌਕੇ ਬੀ.ਜੇ.ਪੀ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਸੁਹਾਗਹੇੜੀ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਪਰਮਿੰਦਰ ਸਿੰਘ, ਜੈ ਸਿੰਘ ਬਾੜਾ, ਦਵਿੰਦਰ ਸਿੰਘ ਬਹਿਲੋਲਪੁਰ, ਬਲਵਿੰਦਰ ਸਿੰਘ ਚਣੋਂ, ਹਰਚੰਦ ਸਿੰਘ ਜਖਵਾਲੀ, ਛੋਟਾ ਸਿੰਘ ਨੰਦਪੁਰ ਕੇਸੋ, ਗੁਰਮੀਤ ਸਿੰਘ ਤਾਣਾ, ਕੁਲਦੀਪ ਸਿੰਘ ਮੁੱਲਾਪੁਰ ਆਦਿ ਹਾਜ਼ਰ ਸਨ।