
ਲੁਧਿਆਣਾ, 14 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਇਕਜੁੱਟਤਾ ਨਾਲ ਧਰਮ ਪ੍ਰਚਾਰ ਮੁਹਿੰਮ ਆਰੰਭ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਚੌਹਾਨ ਦੇ ਗ੍ਰਹਿ ਵਿਖੇ ਹੋਏ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਜਥੇਦਾਰਾਂ ਨੇ ਕਿਹਾ ਕਿ ਇਸ ਮੁਹਿੰਮ ਨਾਲ ਹੀ ਗੁਰੂ ਨਾਨਕ ਵਲੋਂ ਲਗਾਏ ਗਏ ਸਿੱਖੀ ਦੇ ਬੂਟੇ ਦੀਆਂ ਮਹਿਕਾਂ ਲੁਕਾਈ ਤਕ ਪਹੁੰਚ ਸਕਣਗੀਆਂ।
ਇਸ ਤੋਂ ਪਹਿਲਾ ਸ. ਸੁਰਿੰਦਰ ਸਿੰਘ ਚੌਹਾਨ ਤੇ ਪੰਥ ਵਿਦਵਾਨ ਤੇ ਕਥਾ ਵਾਚਕ ਗਿਆਨੀ
ਸਰਬਜੀਤ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਈਆਂ ਲੁਧਿਆਣਾ ਦੀਆਂ ਵੱਖ-ਵੱਖ ਸਿੱਖ ਧਾਰਮਕ ਤੇ ਸਮਾਜਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਦੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਨੇ ਸਾਂਝੇ ਰੂਪ ਵਿਚ ਜਥੇਦਾਰਾਂ ਨੂੰ ਬੇਨਤੀ ਕੀਤੀ ਕਿ ਪੰਥਕ ਹਿਤਾਂ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਮਿਤੀ ਵਿਚ ਤਬਦੀਲੀ ਕੀਤੀ ਜਾਵੇ। ਮਨੁੱਖਤਾ ਦੀ ਸੇਵਾ ਨੂੰ ਸਮਰਪਤ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਸੰਸਾਰ ਭਰ 'ਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਸੰਸਾਰ ਭਰ ਵਿਚ ਸਿੱਖ ਕੌਮ ਦੀ ਅਡਰੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਕਾਲ ਤਖ਼ਤ ਵਲੋਂ ਪ੍ਰਵਾਨਤ ਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਸਮਰਪਤ ਹੈ।